ਪਟਿਆਲਾ: ਪਟਿਆਲਾ-ਰਾਜਪੁਰਾ ਵਿੱਚ ਇੱਕ ਵਿਆਹੁਤਾ ਮਹਿਲਾ ਦਾ ਕਤਲ ਹੋਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਮਹਿਲਾ ਦੀ ਪਛਾਣ ਰਮਨਪ੍ਰੀਤ ਕੌਰ ਵਜੋਂ ਹੋਈ ਹੈ। ਮਹਿਲਾ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੇ ਪਤੀ ‘ਤੇ ਹੀ ਕਤਲ ਕਰਨ ਦੇ ਗੰਭੀਰ ਇਲਜ਼ਾਮ ਲਗਾਏ ਹਨ।
7 ਸਾਲ ਪਹਿਲਾਂ ਹੋਇਆ ਸੀ ਵਿਆਹ
ਮ੍ਰਿਤਕਾ ਦੇ ਭਰਾ ਨੇ ਦੱਸਿਆ ਕਿ ਉਸ ਦੀ ਭੈਣ ਰਮਨਪ੍ਰੀਤ ਕੌਰ ਦਾ ਵਿਆਹ ਕਰੀਬ ਸੱਤ ਸਾਲ ਪਹਿਲਾਂ ਪਿੰਡ ਗੰਡਾ ਖੇੜੀਆਂ ਵਿਖੇ ਹੋਇਆ ਸੀ। ਉਨ੍ਹਾਂ ਦੱਸਿਆ ਕਿ ਵਿਆਹ ਤੋਂ ਬਾਅਦ ਅਕਸਰ ਘਰ ਵਿੱਚ ਕਲੇਸ਼ ਰਹਿੰਦਾ ਸੀ। ਰਮਨਪ੍ਰੀਤ ਆਪਣੇ ਪਿੱਛੇ ਦੋ ਛੋਟੀਆਂ ਬੇਟੀਆਂ ਛੱਡ ਗਈ ਹੈ, ਜਿਨ੍ਹਾਂ ਦੇ ਸਿਰ ਤੋਂ ਮਾਂ ਦਾ ਸਾਇਆ ਹਮੇਸ਼ਾ ਲਈ ਉੱਠ ਗਿਆ ਹੈ।
ਲੜਾਈ ਦੀ ਮਿਲੀ ਸੀ ਸੂਚਨਾ
ਮ੍ਰਿਤਕਾ ਦੀ ਭੂਆ ਨੇ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੱਲ੍ਹ ਸ਼ਾਮ ਉਹ ਸਾਰੇ ਇੱਕ ਵਿਆਹ ਸਮਾਗਮ ਤੋਂ ਪਰਤੇ ਸਨ। ਸ਼ਾਮ ਕਰੀਬ 7 ਵਜੇ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਰਮਨਪ੍ਰੀਤ ਦੇ ਘਰ ਝਗੜਾ ਹੋ ਰਿਹਾ ਹੈ। ਉਨ੍ਹਾਂ ਦੱਸਿਆ, “ਮੈਂ ਲਗਾਤਾਰ ਰਮਨਪ੍ਰੀਤ ਅਤੇ ਉਸ ਦੇ ਪਤੀ ਗੁਰਮੀਤ ਸਿੰਘ ਨੂੰ ਫੋਨ ਕਰਦੀ ਰਹੀ, ਪਰ ਕਿਸੇ ਨੇ ਫੋਨ ਨਹੀਂ ਚੁੱਕਿਆ। ਜਦੋਂ ਅਸੀਂ ਚਿੰਤਾ ਵਿੱਚ ਥਾਣੇ ਪਹੁੰਚੇ ਤਾਂ ਉੱਥੇ ਜਾ ਕੇ ਪਤਾ ਲੱਗਾ ਕਿ ਰਮਨਪ੍ਰੀਤ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ ਹੈ।”
ਪਰਿਵਾਰ ਨੇ ਚੁੱਕੇ ਸਵਾਲ
ਪਰਿਵਾਰਕ ਮੈਂਬਰਾਂ ਨੇ ਪੁਲਿਸ ਦੀ ਕਾਰਵਾਈ ‘ਤੇ ਵੀ ਸਵਾਲ ਚੁੱਕੇ ਹਨ। ਮ੍ਰਿਤਕਾਂ ਦੀ ਭੂਆ ਅਨੁਸਾਰ, ਉਨ੍ਹਾਂ ਦੇ ਮਨ੍ਹਾ ਕਰਨ ਦੇ ਬਾਵਜੂਦ ਵੀ ਪੁਲਿਸ ਨੇ ਲਾਸ਼ ਨੂੰ ਤੁਰੰਤ ਹਸਪਤਾਲ ਭੇਜ ਦਿੱਤਾ। ਪਰਿਵਾਰ ਨੇ ਇਨਸਾਫ਼ ਦੀ ਮੰਗ ਕਰਦਿਆਂ ਦੋਸ਼ੀ ਪਤੀ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।
ਜਾਂਚ ਵਿੱਚ ਜੁੱਟੀ ਪੁਲਿਸ
ਮੌਕੇ ‘ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਅਤੇ ਜਲਦ ਹੀ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਤਾਂ ਜੋ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਅਮਰੀਕਾ ਰਹਿੰਦੇ NRI ਪਰਿਵਾਰ ਦੇ ਬੰਦ ਘਰ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ, ਲੱਖਾਂ ਦਾ ਸਾਮਾਨ ਸਾਫ਼
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



