ਚੰਡੀਗੜ੍ਹ : ਪੰਜਾਬ ਵਿੱਚ ਸਰਕਾਰ ਵੱਲੋਂ ‘ਗੰਨ ਕਲਚਰ’ (ਹਥਿਆਰਾਂ ਦੀ ਪ੍ਰਦਰਸ਼ਨੀ) ‘ਤੇ ਲਗਾਈ ਗਈ ਪਾਬੰਦੀ ਦੇ ਬਾਵਜੂਦ ਗਾਇਕਾਂ ਵੱਲੋਂ ਹਥਿਆਰਾਂ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਰਿਲੀਜ਼ ਕਰਨ ਦਾ ਸਿਲਸਿਲਾ ਜਾਰੀ ਹੈ। ਤਾਜ਼ਾ ਮਾਮਲਾ ਮਸ਼ਹੂਰ ਪੰਜਾਬੀ ਗਾਇਕ ਮਨਕੀਰਤ ਔਲਖ ਦੇ ਨਵੇਂ ਗੀਤ ‘ਅਸਲਾ’ ਨੂੰ ਲੈ ਕੇ ਸਾਹਮਣੇ ਆਇਆ ਹੈ। ਭਾਜਪਾ ਪੰਜਾਬ ਟ੍ਰੇਡ ਸੈੱਲ ਦੇ ਕੋ-ਕਨਵੀਨਰ ਅਰਵਿੰਦ ਸ਼ਰਮਾ ਨੇ ਇਸ ਗੀਤ ‘ਤੇ ਸਖ਼ਤ ਇਤਰਾਜ਼ ਜਤਾਉਂਦਿਆਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਪੱਤਰ ਲਿਖ ਕੇ ਕਾਰਵਾਈ ਦੀ ਮੰਗ ਕੀਤੀ ਹੈ।
ਡੀਜੀਪੀ ਨੂੰ ਲਿਖਿਆ ਪੱਤਰ: ਗੀਤ ਨੂੰ ਯੂਟਿਊਬ ਤੋਂ ਹਟਾਉਣ ਦੀ ਅਪੀਲ
ਅਰਵਿੰਦ ਸ਼ਰਮਾ ਨੇ ਡੀਜੀਪੀ ਨੂੰ ਭੇਜੇ ਪੱਤਰ ਵਿੱਚ ਕਿਹਾ ਹੈ ਕਿ 6 ਫਰਵਰੀ ਨੂੰ ਰਿਲੀਜ਼ ਹੋਇਆ ਇਹ ਗੀਤ ਨੌਜਵਾਨਾਂ ਨੂੰ ਹਿੰਸਾ ਵੱਲ ਉਕਸਾਉਂਦਾ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਇਸ ਗੀਤ ਨੂੰ ਤੁਰੰਤ ਡਿਜੀਟਲ ਪਲੇਟਫਾਰਮਾਂ ਅਤੇ ਯੂਟਿਊਬ ਤੋਂ ਡਿਲੀਟ ਕਰਵਾਇਆ ਜਾਵੇ। ਸ਼ਰਮਾ ਮੁਤਾਬਕ, ਪੰਜਾਬ ਪਹਿਲਾਂ ਹੀ ਗੈਂਗਵਾਰ ਅਤੇ ਨਸ਼ਿਆਂ ਵਰਗੀਆਂ ਗੰਭੀਰ ਸਮੱਸਿਆਵਾਂ ਨਾਲ ਜੂਝ ਰਿਹਾ ਹੈ, ਅਜਿਹੇ ਵਿੱਚ ਹਥਿਆਰਾਂ ਦਾ ਗੁਣਗਾਨ ਕਰਨ ਵਾਲੇ ਗੀਤ ਸਮਾਜ ਵਿੱਚ ਡਰ ਅਤੇ ਅਸਥਿਰਤਾ ਪੈਦਾ ਕਰਦੇ ਹਨ।
ਅਦਾਲਤੀ ਹੁਕਮਾਂ ਦੀ ਉਲੰਘਣਾ ਦਾ ਲਗਾਇਆ ਦੋਸ਼
ਸ਼ਿਕਾਇਤਕਰਤਾ ਨੇ ਆਪਣੇ ਪੱਤਰ ਵਿੱਚ ਸੁਪਰੀਮ ਕੋਰਟ ਅਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਫੈਸਲਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਪ੍ਰਗਟਾਵੇ ਦੀ ਆਜ਼ਾਦੀ ਦਾ ਮਤਲਬ ਇਹ ਨਹੀਂ ਕਿ ਕੋਈ ਸਮਾਜਿਕ ਸ਼ਾਂਤੀ ਨੂੰ ਭੰਗ ਕਰੇ। ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਪੁਲਿਸ ਖੁਦ ਹਜ਼ਾਰਾਂ ਹਥਿਆਰਾਂ ਦੇ ਲਾਇਸੈਂਸ ਰੱਦ ਕਰ ਰਹੀ ਹੈ, ਤਾਂ ਅਜਿਹੇ ਗੀਤ ਸਰਕਾਰ ਅਤੇ ਪ੍ਰਸ਼ਾਸਨ ਦੇ ਯਤਨਾਂ ਨੂੰ ਕਮਜ਼ੋਰ ਕਰਦੇ ਹਨ। ਉਨ੍ਹਾਂ ਨੇ ਗਾਇਕ ਅਤੇ ਇਸ ਨਾਲ ਜੁੜੀ ਟੀਮ ਵਿਰੁੱਧ ਕਾਨੂੰਨੀ ਜਾਂਚ ਦੀ ਮੰਗ ਵੀ ਕੀਤੀ ਹੈ।
ਪਿਛਲੇ 15 ਦਿਨਾਂ ਤੋਂ ਚੱਲ ਰਹੀ ਸੀ ਪ੍ਰਮੋਸ਼ਨ
ਜ਼ਿਕਰਯੋਗ ਹੈ ਕਿ ਮਨਕੀਰਤ ਔਲਖ ਇਸ ਗੀਤ ਦੀ ਪ੍ਰਮੋਸ਼ਨ ਲਈ ਪਿਛਲੇ 15 ਦਿਨਾਂ ਤੋਂ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦਾ ਦੌਰਾ ਕਰ ਰਹੇ ਸਨ। ‘ਅਸਲਾ’ ਗੀਤ ਦੇ ਰਿਲੀਜ਼ vਹੁੰਦੇ ਹੀ ਇਸ ਦੇ ਬੋਲ ਅਤੇ ਵੀਡੀਓ ਵਿੱਚ ਹਥਿਆਰਾਂ ਦੀ ਦਿਖਾਈ ਗਈ ਨੁਮਾਇਸ਼ ਕਾਰਨ ਇਹ ਵਿਵਾਦ ਖੜ੍ਹਾ ਹੋ ਗਿਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਪੰਜਾਬ ਪੁਲਿਸ ਇਸ ਸ਼ਿਕਾਇਤ ‘ਤੇ ਕੀ ਕਾਰਵਾਈ ਕਰਦੀ ਹੈ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਸੰਗ ਢੇਸੀਆਂ ‘ਚ ਸ਼ਾਰਟ ਸਰਕਟ ਕਾਰਨ ਮਕਾਨ ਨੂੰ ਲੱਗੀ ਭਿਆਨਕ ਅੱਗ; ਘਰੇਲੂ ਸਾਮਾਨ ਸੜ ਕੇ ਹੋਇਆ ਸਵਾਹ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।


