ਲਖਨਊ (ਇੰਟ.)- ਅਸਥਮਾ (ਦਮਾ) ਇਕ ਜੈਨੇਟਿਕ ਰੋਗ ਹੈ ਜਿਸ ਵਿਚ ਰੋਗੀ ਦੀ ਸਾਹ ਦੀਆਂ ਨਲੀਆਂ ਅਤਿਸੰਵੇਦਨਸ਼ੀਲ ਹੋ ਜਾਂਦੀਆਂ ਹਨ ਅਤੇ ਕੁਝ ਕਾਰਕਾਂ ਦੇ ਪ੍ਰਭਾਵ ਨਾਲ ਉਨ੍ਹਾਂ ਵਿਚ ਸੋਜ ਆ ਜਾਂਦੀ ਹੈ, ਜਿਸ ਨਾਲ ਰੋਗੀ ਨੂੰ ਸਾਹ ਲੈਣ ਵਿਚ ਮੁਸ਼ਕਲ ਹੁੰਦੀ ਹੈ। ਅਜਿਹੇ ਕਾਰਕਾਂ ਵਿਚ ਧੂੜ (ਘਰ ਜਾਂ ਬਾਹਰ ਦੀ) ਜਾਂ ਪੇਪਰ ਦੀ ਡਸਟ, ਰਸੋਈ ਦਾ ਧੂੰਆਂ, ਨਮੀ, ਸੀਲਨ, ਮੌਸਮ ਪਰਿਵਰਤਨ, ਸਰਦੀ-ਜ਼ੁਕਾਮ, ਸਿਗਰੇਟਨੋਸ਼ੀ, ਫਾਸਟਫੂਡ, ਮਾਨਸਿਕ ਚਿੰਤਾ, ਕਸਰਤ, ਦਰੱਖਤਾਂ ਅਤੇ ਫੁੱਲਾਂ ਦੇ ਪਰਾਗਕਣ, ਵਾਇਰਸ ਅਤੇ ਬੈਕਟੀਰੀਆ ਆਦਿ ਦੇ ਇਨਫੈਕਸ਼ਨ ਮੁੱਖ ਹੁੰਦੇ ਹਨ।
ਬਚਪਨ ਵਿਚ ਹੀ ਹੋ ਜਾਂਦਾ ਹੈ ਹਾਵੀ- ਗਲੋਬਲ ਬਰਡਨ ਆਫ ਅਸਥਮਾ ਰਿਪੋਰਟ ਮੁਤਾਬਕ ਵਿਸ਼ਵ ਵਿਚ ਲਗਭਗ 30 ਕਰੋੜ ਲੋਕ ਅਸਥਮਾ ਨਾਲ ਪੀੜਤ ਹਨ। ਭਾਰਤ ਵਿਚ ਇਹ ਗਿਣਤੀ ਤਿੰਨ ਕਰੋੜ ਦੇ ਲਗਭਗ ਹੈ। ਦੋ ਤਿਹਾਈ ਤੋਂ ਜ਼ਿਆਦਾ ਲੋਕਾਂ ਵਿਚ ਅਸਥਮਾ ਬਚਪਨ ਤੋਂ ਹੀ ਸ਼ੁਰੂ ਹੋ ਜਾਂਦਾ ਹੈ। ਇਸ ਵਿਚ ਬੱਚਿਆਂ ਨੂੰ ਖਾਂਸੀ ਹੋਣਾ, ਸਾਹ ਫੁੱਲਣਾ, ਸੀਨੇ ਵਿਚ ਭਾਰੀਪਣ, ਛਿੱਕ ਆਉਣਾ ਅਤੇ ਨੱਕ ਵੱਗਣਾ ਅਤੇ ਬੱਚੇ ਦਾ ਸਹੀ ਸਰੀਰਕ ਵਿਕਾਸ ਨਾ ਹੋ ਪਾਉਣਾ ਵਰਗੇ ਲੱਛਣ ਹੁੰਦੇ ਹਨ। ਬਾਕੀ ਇਕ ਤਿਹਾਈ ਲੋਕਾਂ ਵਿਚ ਅਸਥਮਾ ਦੇ ਲੱਛਣ ਜਵਾਨੀ ਵੇਲੇ ਸ਼ੁਰੂ ਹੁੰਦੇ ਹਨ। ਇਸ ਤਰ੍ਹਾਂ ਅਸਥਮਾ ਬਚਪਨ ਜਾਂ ਜਵਾਨੀ ਵੇਲੇ ਸ਼ੁਰੂ ਹੋਣ ਵਾਲਾ ਰੋਗ ਹੈ।
ਖਾਂਸੀ ਆਉਣਾ, ਰਾਤ ਵਿਚ ਸਮੱਸਿਆ ਹੋਰ ਗੰਭੀਰ ਹੋ ਜਾਂਦੀ ਹੈ। ਸਾਹ ਲੈਣ ਵਿਚ ਮੁਸ਼ਕਲ, ਸੀਨੇ ਵਿਚ ਕਸਾਅ/ਜਕੜਨ। ਸੀਨੇ ਵਿਚ ਘਰਘਰਾਹਟ ਵਰਗੀ ਆਵਾਜ਼ ਆਉਣਾ। ਗਲੇ ਵਿਚੋਂ ਸੀਟੀ ਵਰਗੀ ਆਵਾਜ਼ ਆਉਣਾ। ਵਾਰ-ਵਾਰ ਜ਼ੁਕਾਮ ਹੋਣਾ। ਲਾਪਰਵਾਹੀ ਪਏਗੀ ਭਾਰੀ : ਅਸਥਮਾ ਦੇ ਰੋਗੀ ਜੋ ਆਪਣੀ ਇਨਹੇਲਰ ਮੈਡੀਸਿਨ ਠੀਕ ਢੰਗ ਨਾਲ ਅਤੇ ਨਿਯਮਿਤ ਤਰੀਕੇ ਨਾਲ ਨਹੀਂ ਲੈਂਦੇ, ਉਨ੍ਹਾਂ ਦਾ ਅਸਥਮਾ ਬੇਕਾਬੂ ਰਹਿੰਦਾ ਹੈ। ਅਜਿਹੇ ਮਰੀਜ਼ਾਂ ਨੂੰ ਕੋਰੋਨਾ ਇਨਫੈਕਸ਼ਨ ਹੋਣ ਦਾ ਖਤਰਾ ਵੱਧ ਜਾਂਦਾ ਹੈ।
ਅਜਿਹੇ ਲੋਕ ਜੋ ਅਸਥਮਾ ਦੇ ਨਾਲ-ਨਾਲ ਕੋਰੋਨਾ ਇਨਫੈਕਟਿਡ ਵੀ ਹਨ, ਉਨ੍ਹਾਂ ਨੂੰ ਕੋਰੋਨਾ ਦੀਆਂ ਗੰਭੀਰ ਸਮੱਸਿਆਵਾਂ ਹੋ ਜਾਂਦੀਆਂ ਹਨ ਕਿਉਂਕਿ ਅਸਥਮਾ ਇਕ ਸਾਹ ਦੀਆਂ ਨਲੀਆਂ ਅਤੇ ਫੇਫੜੇ ਦੀ ਬੀਮਾਰੀ ਹੈ ਅਤੇ ਕੋਰੋਨਾ ਇਨਫੈਕਸ਼ਨ ਵੀ ਇਨ੍ਹਾਂ ਨੂੰ ਪ੍ਰਭਾਵਿਤ ਕਰਦਾ ਹੈ, ਜਿਸ ਨਾਲ ਅਜਿਹੇ ਰੋਗੀਆਂ ਵਿਚ ਨਿਮੋਨੀਆ ਅਤੇ ਐਕਿਊਟ ਰੈਸਪੀਰੇਟਰੀ ਡਿਸਟਰੰਸ ਸਿੰਡ੍ਰੋਮ ਦਾ ਖਤਰਾ ਵੱਧ ਜਾਂਦਾ ਹੈ। ਅਜਿਹੇ ਰੋਗੀਆਂ ਦਾ ਆਕਸੀਜਨ ਪੱਧਰ ਵੀ ਤੇਜ਼ੀ ਨਾਲ ਘੱਟ ਹੁੰਦਾ ਹੈ ਅਤੇ ਵੈਂਟੀਲੇਟਰ ਅਤੇ ਆਈ.ਸੀ.ਯੂ. ਵਿਚ ਇਲਾਜ ਦੀ ਲੋੜ ਵੀ ਵੱਧ ਜਾਂਦੀ ਹੈ। ਇਸ ਦੇ ਨਾਲ ਹੀ ਗੰਭੀਰ ਪ੍ਰਭਾਵਾਂ ਕਾਰਣ ਮੌਤ ਹੋਣ ਦੀ ਅਸ਼ੰਕਾ ਵੀ ਵੱਧ ਜਾਂਦੀ ਹੈ। ਅਖੀਰ ਅਸਥਮਾ ਦੇ ਰੋਗੀਆਂ ਨੂੰ ਆਪਣਾ ਇਲਾਜ ਠੀਕ ਤਰ੍ਹਾਂ ਨਾਲ ਕਰਵਾਉਣਾ ਚਾਹੀਦਾ ਹੈ।



