LAC ਉੱਤੇ ਚੀਨ ਨਾਲ ਚੱਲ ਰਹੇ ਤਣਾਅ ਵਿਚਾਲੇ ਲੱਦਾਖ ਪਹੁੰਚੇ ਸੈਨਾ ਮੁੱਖੀ ਐਮਐਮ ਨਰਵਣੇ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਪੂਰਬੀ ਲੱਦਾਖ ਵਿਚ ਭਾਰਤ ਅਤੇ ਚੀਨ ਵਿਚਾਲੇ ਅਸਲ ਕੰਟਰੋਲ ਰੇਖਾ ਉੱਤੇ ਤਣਾਅ ਘੱਟਣ ਦਾ ਨਾਮ ਨਹੀਂ ਲੈ ਰਿਹਾ ਹੈ। ਇਸ ਵਿਚਾਲੇ ਅੱਜ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਪੂਰਬੀ ਲੱਦਾਖ ਵਿਚ ਭਾਰਤ ਅਤੇ ਚੀਨ ਵਿਚਾਲੇ ਅਸਲ ਕੰਟਰੋਲ ਰੇਖਾ ਉੱਤੇ ਤਣਾਅ ਘੱਟਣ ਦਾ ਨਾਮ ਨਹੀਂ ਲੈ ਰਿਹਾ ਹੈ। ਇਸ ਵਿਚਾਲੇ ਅੱਜ ਵੀਰਵਾਰ ਸਵੇਰੇ ਸੈਨਾ ਮੁੱਖੀ ਐਮਐਮ ਨਰਵਣੇ ਲੱਦਾਖ ਪਹੁੰਚੇ ਹਨ ਜਿੱਥੇ ਉਨ੍ਹਾਂ ਨੇ ਦੱਖਣੀ ਪੈਂਗੌਗ ਅਤੇ ਹੋਰ ਥਾਵਾਂ ਉੱਤੇ ਹਾਲਾਤਾਂ ਦਾ ਜਾਇਜ਼ਾ ਲਿਆ ਹੈ।

ਖਬਰ ਏਜੰਸੀ ਏਐਨਆਈ ਨੇ ਆਰਮੀ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਹੈ ਕਿ ਸੈਨਾ ਮੁੱਖੀ ਜਨਲਰ ਐਮਐਮ ਨਰਵਣੇ ਲੱਦਾਖ ਦੇ ਦੋ ਦਿਨਾਂ ਦੇ ਦੌਰੇ ਉੱਤੇ ਹਨ। ਉਹ ਇੱਥੇ ਫੀਲਡ ਕਮਾਂਡਰਾਂ ਦੇ ਨਾਲ ਤਾਇਨਾਤੀ ਅਤੇ ਫੌਜੀ ਤਿਆਰੀਆਂ ਦੀ ਸਮੀਖਿਆ ਕਰਨਗੇ। ਇਸ ਤੋਂ ਇਲਾਵਾ ਆਰਮੀ ਚੀਫ ਫੌਜਾਂ ਦੀਆਂ ਕਾਰਜਸ਼ੀਲ ਤਿਆਰੀਆਂ ਦਾ ਵੀ ਜਾਇਜ਼ਾ ਲੈਣਗੇ।

ਪੂਰਬੀ ਲੱਦਾਖ ਵਿਚ ਚੀਨ ਦੀ ਉਕਸਾਉਣ ਵਾਲੀ ਕਾਰਵਾਈ ਨੂੰ ਨਾਕਾਮ ਕਰਨ ਦੇ ਬਾਅਦ ਭਾਰਤ ਨੇ ਪੈਂਗੌਗ ਤਸੋ ਇਲਾਕੇ ਦੇ ਦੱਖਣੀ ਤੱਟ ਉੱਤੇ ਘੱਟ ਤੋਂ ਘੱਟ ਤਿੰਨ ਮਹੱਤਵਪੂਰਨ ਪਹਾੜੀ ਚੋਟੀਆਂ ਉੱਤੇ ਆਪਣੀ ਸਥਿਤੀ ਹੋਰ ਮਜ਼ਬੂਤ ਕੀਤੀ ਹੈ।

ਦੱਸ ਦਈਏ ਕਿ 29-30 ਅਗਸਤ ਨੂੰ ਚੀਨ ਨੇ ਲੱਦਾਖ ਦੇ ਪੈਂਗੌਗ ਝੀਲ ਇਲਾਕੇ ਵਿਚ ਘੂਸਪੈਠ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਸ ਨੂੰ ਭਾਰਤੀ ਜਵਾਨਾਂ ਨੇ ਨਾਕਾਮ ਕਰ ਦਿੱਤਾ ਸੀ। ਰਿਪੋਰਟਾਂ ਅਨੁਸਾਰ ਭਾਰਤੀ ਸੈਨਾ ਨੂੰ 29 ਅਗਸਤ ਦੀ ਰਾਤ ਐਲਏਸੀ ਵੱਲੋਂ ਪੈਂਗੌਗ ਲੇਕ ਦੇ ਦੱਖਣੀ ਕਿਨਾਰੇ ਉੱਤੇ ਕੁੱਝ ਸ਼ੱਕੀ ਗਤੀਵਿਧੀਆਂ ਦਾ ਪਤਾ ਚੱਲਿਆ। ਇਹ ਚੀਨੀ ਸੈਨਾ ਦਾ ਕਾਫਲਾ ਸੀ ਜਿਸ ਵਿਚ ਕਈਂ ਜੀਪਾਂ ਅਤੇ ਐਸਯੂਵੀ ਸ਼ਾਮਲ ਸਨ। ਇਸ ਇਲਾਕੇ ਵਿਚ ਪਹਿਲਾਂ ਤੋਂ ਤਾਇਨਾਤ ਭਾਰਤੀ ਸੈਨਿਕਾਂ ਨੇ ਤੁਰੰਤ ਚੌਕਸੀ ਵਿਖਾਈ ਅਤੇ ਤੇਜੀ ਨਾਲ ਪਹਾੜੀ ਉੱਤੇ ਚੜ ਕੇ ਆਪਣਾ ਮੋਰਚਾ ਸੰਭਾਲ ਲਿਆ। ਦੂਜੇ ਪਾਸੇ ਤਣਾਅ ਨੂੰ ਘੱਟ ਕਰਨ ਲਈ ਦੋਵਾਂ ਦੇਸ਼ਾਂ ਵਿਚਾਲੇ ਹੋਈ ਬ੍ਰਿਗੇਡਿਅਰ ਪੱਧਰ ਦੀ ਬੈਠਕ ਵਿਚ ਕੋਈ ਠੋਸ ਨਤੀਜਾ ਨਹੀਂ ਨਿਕਲ ਸਕਿਆ ਹੈ।

Leave a Reply

Your email address will not be published. Required fields are marked *