ਖੁਦ ‘ਬਿਮਾਰ’ ਹੋਇਆ ਕਾਠਗੜ੍ਹ ਦਾ ਸਰਕਾਰੀ ਹਸਪਤਾਲ, 6 ਕਰੋੜ ਦੀ ਇਮਾਰਤ ਬਣੀ ਖੰਡਰ, ਮਰੀਜ਼ਾਂ ਨੂੰ ਹਾਦਸੇ ਦਾ ਡਰ

ਨਵਾਂਸ਼ਹਿਰ: ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਵਾਲਾ ਕਾਠਗੜ੍ਹ ਦਾ ਕਮਿਊਨਿਟੀ ਹੈਲਥ ਸੈਂਟਰ (CHC) ਅੱਜ ਖੁਦ ਆਪਣੀ ਬਦਹਾਲੀ ‘ਤੇ ਹੰਝੂ ਵਹਾ ਰਿਹਾ ਹੈ। ਜ਼ਿਲ੍ਹਾ ਨਵਾਂਸ਼ਹਿਰ ਦੀ…

ਨਵਾਂਸ਼ਹਿਰ: ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਵਾਲਾ ਕਾਠਗੜ੍ਹ ਦਾ ਕਮਿਊਨਿਟੀ ਹੈਲਥ ਸੈਂਟਰ (CHC) ਅੱਜ ਖੁਦ ਆਪਣੀ ਬਦਹਾਲੀ ‘ਤੇ ਹੰਝੂ ਵਹਾ ਰਿਹਾ ਹੈ। ਜ਼ਿਲ੍ਹਾ ਨਵਾਂਸ਼ਹਿਰ ਦੀ ਤਹਿਸੀਲ ਬਲਾਚੌਰ ਅਧੀਨ ਪੈਂਦੇ ਕਸਬਾ ਕਾਠਗੜ੍ਹ ਦਾ ਇਹ ਸਰਕਾਰੀ ਹਸਪਤਾਲ ਹੁਣ ਇੱਕ ਖੰਡਰ ਦਾ ਰੂਪ ਧਾਰਨ ਕਰ ਚੁੱਕਾ ਹੈ। ਹਾਲਾਤ ਇੰਨੇ ਮਾੜੇ ਹਨ ਕਿ ਇਮਾਰਤ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟੇ ਹੋਏ ਹਨ ਅਤੇ ਕਈ ਵਾਰ ਇੱਥੇ ਚੋਰੀ ਦੀਆਂ ਵਾਰਦਾਤਾਂ ਵੀ ਹੋ ਚੁੱਕੀਆਂ ਹਨ।

6 ਕਰੋੜ ਦੀ ਲਾਗਤ ਨਾਲ ਹੋਇਆ ਸੀ ਉਦਘਾਟਨ

ਜ਼ਿਕਰਯੋਗ ਹੈ ਕਿ ਸਾਲ 2014 ਵਿੱਚ ਅਕਾਲੀ-ਭਾਜਪਾ ਸਰਕਾਰ ਦੌਰਾਨ ਤਤਕਾਲੀ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਵੱਲੋਂ ਕਰੀਬ 6 ਕਰੋੜ ਰੁਪਏ ਦੀ ਲਾਗਤ ਨਾਲ ਇਸ 25 ਬਿਸਤਰਿਆਂ ਵਾਲੇ ਹਸਪਤਾਲ ਦਾ ਉਦਘਾਟਨ ਕੀਤਾ ਗਿਆ ਸੀ। ਉਸ ਸਮੇਂ ਦਾਅਵਾ ਕੀਤਾ ਗਿਆ ਸੀ ਕਿ ਇਸ ਦਾ ਲਾਭ ਇਲਾਕੇ ਦੇ 25 ਤੋਂ 30 ਪਿੰਡਾਂ ਨੂੰ ਮਿਲੇਗਾ। ਪਰ ਸਮੇਂ ਦੇ ਨਾਲ ਸਰਕਾਰਾਂ ਬਦਲਦੀਆਂ ਰਹੀਆਂ ਅਤੇ ਇਸ ਹਸਪਤਾਲ ਦੀ ਹਾਲਤ ਨਿਘਰਦੀ ਗਈ। ਅੱਜ ਇੱਥੇ ਇਲਾਜ ਕਰਵਾਉਣ ਆਉਣ ਵਾਲੇ ਮਰੀਜ਼ਾਂ ਦੇ ਮਨ ਵਿੱਚ ਹਮੇਸ਼ਾ ਕਿਸੇ ਹਾਦਸੇ ਦਾ ਡਰ ਬਣਿਆ ਰਹਿੰਦਾ ਹੈ।

ਆਮ ਆਦਮੀ ਕਲੀਨਿਕਤੱਕ ਸਿਮਟੀਆਂ ਸਹੂਲਤਾਂ

ਮੌਜੂਦਾ ਸਰਕਾਰ ਨੇ ਇਸੇ ਵੱਡੀ ਇਮਾਰਤ ਦੇ ਇੱਕ ਹਿੱਸੇ ਵਿੱਚ ‘ਆਮ ਆਦਮੀ ਕਲੀਨਿਕ’ ਖੋਲ੍ਹ ਕੇ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਦਾ ਦਾਅਵਾ ਕੀਤਾ ਹੈ। ਪਰ ਜ਼ਮੀਨੀ ਹਕੀਕਤ ਇਹ ਹੈ ਕਿ ਇੱਥੇ ਸਿਰਫ਼ ਬੁਖਾਰ, ਖਾਂਸੀ ਅਤੇ ਜ਼ੁਕਾਮ ਵਰਗੀਆਂ ਮਾਮੂਲੀ ਬਿਮਾਰੀਆਂ ਦੀ ਹੀ ਦਵਾਈ ਮਿਲਦੀ ਹੈ। ਐਮਰਜੈਂਸੀ ਜਾਂ ਕਿਸੇ ਗੰਭੀਰ ਬਿਮਾਰੀ ਦੇ ਇਲਾਜ ਲਈ ਅੱਜ ਵੀ ਲੋਕਾਂ ਨੂੰ ਦੂਰ-ਦੁਰਾਡੇ ਬਲਾਚੌਰ, ਰੋਪੜ ਜਾਂ ਨਵਾਂਸ਼ਹਿਰ ਦੇ ਹਸਪਤਾਲਾਂ ਵੱਲ ਦੌੜਨਾ ਪੈਂਦਾ ਹੈ।

ਸਰਪੰਚ ਨੇ ਚੁੱਕੇ ਸਵਾਲ: ਰਾਤ ਵੇਲੇ ਕੋਈ ਸਹੂਲਤ ਨਹੀਂ

ਪਿੰਡ ਦੀ ਸਰਪੰਚ ਰਿਸ਼ੂ ਬਾਲਾ ਨੇ ਹਸਪਤਾਲ ਦੀ ਮਾੜੀ ਹਾਲਤ ਬਾਰੇ ਗੱਲ ਕਰਦਿਆਂ ਦੱਸਿਆ ਕਿ 25-30 ਪਿੰਡਾਂ ਦਾ ਕੇਂਦਰ ਹੋਣ ਦੇ ਬਾਵਜੂਦ ਇੱਥੇ ਰਾਤ ਵੇਲੇ ਕੋਈ ਐਮਰਜੈਂਸੀ ਵਿਵਸਥਾ ਨਹੀਂ ਹੈ। ਉਨ੍ਹਾਂ ਕਿਹਾ, “ਹਰ ਕਿਸੇ ਕੋਲ ਆਪਣਾ ਵਾਹਨ ਨਹੀਂ ਹੁੰਦਾ, ਜਿਸ ਕਾਰਨ ਰਾਤ ਵੇਲੇ ਮਰੀਜ਼ ਨੂੰ ਦੂਰ ਲੈ ਕੇ ਜਾਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ।” ਸਰਪੰਚ ਅਨੁਸਾਰ ਉਨ੍ਹਾਂ ਨੇ ਕਈ ਵਾਰ ਸਿਹਤ ਮੰਤਰੀ ਨੂੰ ਇਸ ਬਾਰੇ ਜਾਣੂ ਕਰਵਾਇਆ ਹੈ, ਪਰ ਹਾਲੇ ਤੱਕ ਕੋਈ ਸੁਣਵਾਈ ਨਹੀਂ ਹੋਈ।

ਲੋਕਾਂ ਦੀ ਮੰਗ: ਹਸਪਤਾਲ ਨੂੰ ਮੁੜ ਸੁਰਜੀਤ ਕਰੇ ਸਰਕਾਰ

ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਕਰੋੜਾਂ ਰੁਪਏ ਖਰਚ ਕੇ ਬਣਾਈ ਗਈ ਇਸ ਇਮਾਰਤ ਨੂੰ ਬਰਬਾਦ ਹੋਣ ਤੋਂ ਬਚਾਇਆ ਜਾਵੇ। ਲੋਕਾਂ ਨੇ ਮੰਗ ਕੀਤੀ ਹੈ ਕਿ ਇੱਥੇ ਸਿਰਫ਼ ਮਾਮੂਲੀ ਦਵਾਈਆਂ ਤੱਕ ਸੀਮਿਤ ਰਹਿਣ ਦੀ ਬਜਾਏ, ਪੂਰੀਆਂ ਸਿਹਤ ਸਹੂਲਤਾਂ ਅਤੇ ਸਟਾਫ਼ ਮੁਹੱਈਆ ਕਰਵਾਇਆ ਜਾਵੇ ਤਾਂ ਜੋ ਗਰੀਬ ਲੋਕਾਂ ਨੂੰ ਇਲਾਜ ਲਈ ਦੂਜੇ ਸ਼ਹਿਰਾਂ ਵਿੱਚ ਜਾ ਕੇ ਖੱਲ-ਖੁਆਰ ਨਾ ਹੋਣਾ ਪਵੇ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ 
ਕਚਹਿਰੀ ਰੋਡ ‘ਤੇ ਗ਼ਲਤ ਪਾਰਕਿੰਗ ਕਰਨ ਵਾਲਿਆਂ ਖ਼ਿਲਾਫ਼ ਪੁਲਿਸ ਦੀ ਸਖ਼ਤੀ, ਸੜਕ ‘ਤੇ ਖੜ੍ਹੇ ਵਾਹਨਾਂ ਦੇ ਕੱਟੇ ਚਲਾਨ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *