ਚੰਡੀਗੜ੍ਹ : ਡਿਜ਼ਨੀ ਦੇ ਮਸ਼ਹੂਰ ਬ੍ਰੌਡਵੇ ਮਿਊਜ਼ੀਕਲ ਸ਼ੋਅ ‘ਦ ਲਾਇਨ ਕਿੰਗ’ ਵਿੱਚ ‘ਯੰਗ ਨਾਲਾ’ ਦਾ ਕਿਰਦਾਰ ਨਿਭਾਉਣ ਵਾਲੀ ਪ੍ਰਤਿਭਾਸ਼ਾਲੀ ਅਦਾਕਾਰਾ ਇਮਾਨੀ ਸਮਿਥ ਦੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਇਮਾਨੀ ਸਮਿਥ ‘ਤੇ ਚਾਕੂਆਂ ਨਾਲ ਹਮਲਾ ਕੀਤਾ ਗਿਆ ਸੀ। ਇਸ ਖ਼ਬਰ ਨੇ ਪ੍ਰਸ਼ੰਸਕਾਂ ਅਤੇ ਕਲਾ ਜਗਤ ਨੂੰ ਡੂੰਘੇ ਸਦਮੇ ਵਿੱਚ ਪਾ ਦਿੱਤਾ ਹੈ।
ਕੀ ਹੈ ਪੂਰੀ ਘਟਨਾ?
‘ਡੇਡਲਾਈਨ’ ਦੀ ਰਿਪੋਰਟ ਮੁਤਾਬਕ, ਇਹ ਘਟਨਾ 21 ਦਸੰਬਰ ਨੂੰ ਨਿਊ ਜਰਸੀ ਦੇ ਐਡੀਸਨ ਇਲਾਕੇ ਵਿੱਚ ਵਾਪਰੀ। ਇਮਾਨੀ ਸਮਿਥ ਆਪਣੇ ਘਰ ਵਿੱਚ ਗੰਭੀਰ ਜ਼ਖ਼ਮੀ ਹਾਲਤ ਵਿੱਚ ਮਿਲੀ ਸੀ। ਸੂਚਨਾ ਮਿਲਣ ‘ਤੇ ਮੌਕੇ ‘ਤੇ ਪਹੁੰਚੀ ਪੁਲਿਸ ਨੇ ਉਸ ਨੂੰ ਤੁਰੰਤ ਰੌਬਰਟ ਵੁੱਡ ਜੌਨਸਨ ਯੂਨੀਵਰਸਿਟੀ ਹਸਪਤਾਲ ਪਹੁੰਚਾਇਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜਾਂਚ ਕਰਨ ਤੋਂ ਬਾਅਦ ਪੁਲਿਸ ਨੇ ਇਸ ਕਤਲ ਦੇ ਇਲਜ਼ਾਮ ਵਿੱਚ ਇਮਾਨੀ ਦੇ ਬੁਆਏਫ੍ਰੈਂਡ ਜੌਰਡਨ ਡੀ ਜੈਕਸਨ-ਸਮਾਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪਰਿਵਾਰ ਨੇ ਸਾਂਝਾ ਕੀਤਾ ਦੁੱਖ
ਇਮਾਨੀ ਦੀ ਮੌਤ ‘ਤੇ ਦੁੱਖ ਪ੍ਰਗਟ ਕਰਦਿਆਂ ਉਸ ਦੀ ਰਿਸ਼ਤੇਦਾਰ ਨੇ ਸੋਸ਼ਲ ਮੀਡੀਆ ‘ਤੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ। ਉਨ੍ਹਾਂ ਲਿਖਿਆ ਕਿ ਇਮਾਨੀ ਇੱਕ ਬਹੁਤ ਹੀ ਮਾਸੂਮ, ਪਿਆਰ ਕਰਨ ਵਾਲੀ ਅਤੇ ਪ੍ਰਤਿਭਾਸ਼ਾਲੀ ਕਲਾਕਾਰ ਸੀ। ਉਸ ਨੇ ‘ਦ ਲਾਇਨ ਕਿੰਗ’ ਵਰਗੇ ਵੱਡੇ ਮੰਚ ‘ਤੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਪਰਿਵਾਰ ਮੁਤਾਬਕ ਇਮਾਨੀ ਆਪਣੇ ਪਿੱਛੇ ਇੱਕ 3 ਸਾਲ ਦਾ ਪੁੱਤਰ, ਮਾਤਾ-ਪਿਤਾ ਅਤੇ ਦੋ ਛੋਟੇ ਭੈਣ-ਭਰਾ ਛੱਡ ਗਈ ਹੈ।
ਦੋਸ਼ੀ ‘ਤੇ ਲੱਗੀਆਂ ਗੰਭੀਰ ਧਾਰਾਵਾਂ
ਪੁਲਿਸ ਪ੍ਰਸ਼ਾਸਨ ਅਨੁਸਾਰ ਦੋਸ਼ੀ ਅਤੇ ਅਭਿਨੇਤਰੀ ਇੱਕ-ਦੂਜੇ ਨੂੰ ਪਹਿਲਾਂ ਤੋਂ ਜਾਣਦੇ ਸਨ। ਪੁਲਿਸ ਨੇ ਜੌਰਡਨ ‘ਤੇ ਫਸਟ-ਡਿਗਰੀ ਮਰਡਰ, ਗੈਰ-ਕਾਨੂੰਨੀ ਹਥਿਆਰ ਰੱਖਣ ਅਤੇ ਬੱਚੇ ਦੀ ਸੁਰੱਖਿਆ ਨੂੰ ਖਤਰੇ ਵਿੱਚ ਪਾਉਣ ਵਰਗੀਆਂ ਕਈ ਗੰਭੀਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਫਿਲਹਾਲ ਪੁਲਿਸ ਮਾਮਲੇ ਦੀ ਪੂਰੀ ਕਾਰਵਾਈ ਕਰ ਰਹੀ ਹੈ।
ਖ਼ਬਰਾਂ ਲਈ ਲਿਵਿੰਗ ਇੰਡੀਆ ਨਿਊਜ਼ 24/7 ਲਾਈਵ ਨਾਲ ਜੁੜੇ ਰਹੋ



