US deports Punjabi grandmother:
ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਅਤੇ ਵਿਧਾਇਕ ਪਦਮ ਸ਼੍ਰੀ ਪਰਗਟ ਸਿੰਘ ਨੇ ਅਮਰੀਕਾ ਵੱਲੋਂ 73 ਸਾਲਾ ਹਰਜੀਤ ਕੌਰ ਨੂੰ ਜ਼ਬਰਦਸਤੀ ਦੇਸ਼ ਨਿਕਾਲਾ ਦੇਣ ਦੀ ਘਟਨਾ ਨੂੰ ਸ਼ਰਮਨਾਕ ਅਤੇ ਅਣਮਨੁੱਖੀ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ 30 ਸਾਲਾਂ ਤੋਂ ਅਮਰੀਕਾ ਵਿੱਚ ਰਹਿ ਰਹੀ ਇੱਕ ਬਜ਼ੁਰਗ ਔਰਤ ਨੂੰ ਬੇੜੀਆਂ ਪਾ ਕੇ ਭਾਰਤ ਭੇਜਣਾ ਮਨੁੱਖੀ ਅਧਿਕਾਰਾਂ ਦੀ ਸਪਸ਼ਟ ਉਲੰਘਣਾ ਹੈ।
ਪਰਗਟ ਸਿੰਘ ਨੇ ਕਿਹਾ ਕਿ ਇਹ ਘਟਨਾ ਸਿਰਫ਼ ਹਰਜੀਤ ਕੌਰ ਲਈ ਹੀ ਨਹੀਂ ਸਗੋਂ ਪੂਰੀ ਪੰਜਾਬੀ ਕਮਿਊਨਿਟੀ ਲਈ ਬੇਇੱਜ਼ਤੀ ਵਾਲੀ ਗੱਲ ਹੈ। ਉਨ੍ਹਾਂ ਦਾਅਵਾ ਕੀਤਾ ਕਿ ਹਰਜੀਤ ਕੌਰ ਨੂੰ ICE (ਅਮਰੀਕਨ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ) ਨੇ ਗ੍ਰਿਫ਼ਤਾਰ ਕਰਕੇ ਬੇੜੀਆਂ ਨਾਲ ਬੰਨ੍ਹ ਕੇ ਇੱਕ ਠੋਸ ਸੈੱਲ ਵਿੱਚ ਬੰਦ ਕਰ ਦਿੱਤਾ, ਜੋ ਕਿ ਬੇਰਹਿਮੀ ਦਾ ਸਭ ਤੋਂ ਵੱਡਾ ਉਦਾਹਰਨ ਹੈ।
ਕੇਂਦਰ ਸਰਕਾਰ ਦੀ ਨੀਤੀ ‘ਤੇ ਸਵਾਲ
ਕਾਂਗਰਸੀ ਨੇਤਾ ਨੇ ਕੇਂਦਰ ਸਰਕਾਰ ਦੀ ਵਿਦੇਸ਼ ਨੀਤੀ ‘ਤੇ ਵੀ ਗੰਭੀਰ ਸਵਾਲ ਉਠਾਏ। ਉਨ੍ਹਾਂ ਕਿਹਾ ਕਿ ਇੱਕ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਨੂੰ “ਭਾਰਤ ਦਾ ਸਭ ਤੋਂ ਵੱਡਾ ਦੋਸਤ” ਦੱਸਦੇ ਹਨ, ਦੂਜੇ ਪਾਸੇ ਅਮਰੀਕਾ ਭਾਰਤੀ ਪੇਸ਼ੇਵਰਾਂ ਨਾਲ ਅਪਮਾਨਜਨਕ ਵਿਹਾਰ ਕਰਦਾ ਹੈ, H1B ਵੀਜ਼ਾ ਨਿਯਮ ਸਖ਼ਤ ਕਰਦਾ ਹੈ ਅਤੇ ਪੰਜਾਬੀਆਂ ਨੂੰ ਹੱਥ ਬੰਨ੍ਹ ਕੇ ਦੇਸ਼ ਨਿਕਾਲਾ ਦਿੰਦਾ ਹੈ। ਉਨ੍ਹਾਂ ਕਿਹਾ- “ਭਾਰਤ ਨੂੰ ਇਸ ਦਾ ਸਖ਼ਤ ਜਵਾਬ ਦੇਣਾ ਚਾਹੀਦਾ ਹੈ”।
ਅਮਰੀਕਾ ਵਿੱਚ ਪੰਜਾਬੀਆਂ ਦਾ ਰੋਸ
ਪਰਗਟ ਸਿੰਘ ਨੇ ਦੱਸਿਆ ਕਿ ਅਮਰੀਕਾ ਵਿੱਚ ਰਹਿੰਦੇ ਪੰਜਾਬੀ ਹਰਜੀਤ ਕੌਰ ਦੇ ਸਮਰਥਨ ਵਿੱਚ ਸੜਕਾਂ ‘ਤੇ ਉਤਰ ਆਏ ਹਨ। ਉਨ੍ਹਾਂ ਦੇ ਵਕੀਲ ਦੀਪਕ ਆਹਲੂਵਾਲੀਆ ਨੇ ਵੀ ਦੋਸ਼ ਲਗਾਇਆ ਕਿ ਹਰਜੀਤ ਕੌਰ ਨੂੰ ਮਨੁੱਖੀ ਅਧਿਕਾਰਾਂ ਦੇ ਉਲਟ ਤਰੀਕੇ ਨਾਲ ਰੱਖਿਆ ਗਿਆ। ਪਰਿਵਾਰ ਵੱਲੋਂ ਵੀ ਸ਼ਿਕਾਇਤ ਕੀਤੀ ਗਈ ਕਿ ਨਾ ਤਾਂ ਉਸ ਨੂੰ ਵਪਾਰਕ ਉਡਾਣ ਰਾਹੀਂ ਭੇਜਿਆ ਗਿਆ ਅਤੇ ਨਾ ਹੀ ਮਿਲਣ ਦੀ ਇਜਾਜ਼ਤ ਦਿੱਤੀ ਗਈ।
ਪਰਗਟ ਸਿੰਘ ਦੀ ਮੰਗ
ਪਰਗਟ ਸਿੰਘ ਨੇ ਕੇਂਦਰ ਅਤੇ ਪੰਜਾਬ ਸਰਕਾਰਾਂ ਤੋਂ ਤੁਰੰਤ ਦਖ਼ਲ ਦੀ ਮੰਗ ਕੀਤੀ ਹੈ, ਤਾਂ ਜੋ ਅਮਰੀਕਾ ਵੱਲੋਂ ਪੰਜਾਬੀਆਂ ਨਾਲ ਕੀਤੇ ਜਾ ਰਹੇ ਅਣਮਨੁੱਖੀ ਵਿਹਾਰ ‘ਤੇ ਰੋਕ ਲਾਈ ਜਾ ਸਕੇ ਅਤੇ ਹਰਜੀਤ ਕੌਰ ਨੂੰ ਇਨਸਾਫ਼ ਮਿਲ ਸਕੇ।



