ਪਟਿਆਲਾ : ਜ਼ਿਲ੍ਹੇ ਦੇ ਪਿੰਡ ਚੂੜਪੁਰ ਜੱਟਾਂ ਤੋਂ ਇੱਕ ਬੇਹੱਦ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਸੇਵਾ ਨਿਭਾ ਰਹੇ ਇੱਕ ਪਾਠੀ ਵੱਲੋਂ 15 ਸਾਲਾ ਨਾਬਾਲਗ ਲੜਕੀ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਲੱਗੇ ਹਨ। ਪੀੜਤ ਪਰਿਵਾਰ ਦੀ ਸ਼ਿਕਾਇਤ ‘ਤੇ ਪਸਿਆਣਾ ਪੁਲਿਸ ਨੇ ਮੁਲਜ਼ਮ ਪਾਠੀ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਘਟਨਾ ਦਾ ਵੇਰਵਾ
ਪੀੜਤ ਲੜਕੀ ਦੀ ਮਾਤਾ ਸਵਰਨਜੀਤ ਕੌਰ ਪਤਨੀ ਨਿਰਮਲ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਨ੍ਹਾਂ ਦੀ 15 ਸਾਲਾ ਬੇਟੀ ਰੋਜ਼ਾਨਾ ਵਾਂਗ ਸ਼ਾਮ 5 ਤੋਂ 6 ਵਜੇ ਦੇ ਦਰਮਿਆਨ ਗੁਰਦੁਆਰਾ ਸਾਹਿਬ ਪਾਠ ਕਰਨ ਜਾਂਦੀ ਸੀ। ਬੀਤੀ 19 ਫਰਵਰੀ 2026 ਨੂੰ ਰਾਤ ਕਰੀਬ 8 ਵਜੇ ਜਦੋਂ ਉਹ ਕਿਸੇ ਕੰਮ ਸਬੰਧੀ ਗੁਰਦੁਆਰਾ ਸਾਹਿਬ ਗਈ, ਤਾਂ ਉੱਥੇ ਮੌਜੂਦ ਪਾਠੀ ਨੇ ਉਸ ਨੂੰ ਨਿਸ਼ਾਨਾ ਬਣਾਇਆ।
ਸ਼ਿਕਾਇਤਕਰਤਾ ਅਨੁਸਾਰ, ਪਾਠੀ ਨਿਹਾਲ ਸਿੰਘ ਨੇ ਲੜਕੀ ਨੂੰ ਮੇਜ਼ ‘ਤੇ ਪਿਆ ਸਿਰੋਪਾਓ ਚੁੱਕਣ ਲਈ ਕਿਹਾ। ਜਦੋਂ ਲੜਕੀ ਸਿਰੋਪਾਓ ਲੈਣ ਲਈ ਅੱਗੇ ਵਧੀ ਤਾਂ ਪਾਠੀ ਨੇ ਪਿੱਛੋਂ ਉਸ ਨੂੰ ਜੱਫੀ ਪਾ ਲਈ ਅਤੇ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਪੀੜਤ ਬੱਚੀ ਕਿਸੇ ਤਰ੍ਹਾਂ ਉੱਥੋਂ ਜਾਨ ਬਚਾ ਕੇ ਭੱਜੀ ਅਤੇ ਰੋਂਦੀ ਹੋਈ ਘਰ ਪਹੁੰਚ ਕੇ ਆਪਣੇ ਮਾਪਿਆਂ ਨੂੰ ਸਾਰੀ ਹੱਡਬੀਤੀ ਸੁਣਾਈ।
ਮੁਲਜ਼ਮ ਦੀ ਪਛਾਣ ਅਤੇ ਪੁਲਿਸ ਕਾਰਵਾਈ
ਮੁਲਜ਼ਮ ਦੀ ਪਛਾਣ ਨਿਹਾਲ ਸਿੰਘ ਪੁੱਤਰ ਬਾਵਾ ਸਿੰਘ ਵਜੋਂ ਹੋਈ ਹੈ, ਜੋ ਮੂਲ ਰੂਪ ਵਿੱਚ ਪਿੰਡ ਨਹਿਰੀ ਕੋਠੀ ਦਾ ਰਹਿਣ ਵਾਲਾ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਪਾਠੀ ਆਪਣੇ ਪਰਿਵਾਰ ਸਮੇਤ ਪਿੰਡ ਚੂੜਪੁਰ ਜੱਟਾਂ ਦੇ ਗੁਰਦੁਆਰਾ ਸਾਹਿਬ ਵਿੱਚ ਹੀ ਰਹਿ ਰਿਹਾ ਸੀ। ਪਸਿਆਣਾ ਪੁਲਿਸ ਨੇ ਦੱਸਿਆ ਕਿ ਮਾਪਿਆਂ ਦੇ ਬਿਆਨਾਂ ਦੇ ਆਧਾਰ ‘ਤੇ ਮੁਲਜ਼ਮ ਵਿਰੁੱਧ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਪੀੜਤ ਪਰਿਵਾਰ ਨੂੰ ਇਨਸਾਫ਼ ਮਿਲ ਸਕੇ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਰੇਲਵੇ ਸਟੇਸ਼ਨ ‘ਤੇ ‘ਵੰਦੇ ਭਾਰਤ’ ਦਾ ਠਹਿਰਾਅ : ਸੰਸਦ ਮੈਂਬਰ ਮੀਤ ਹੇਅਰ ਨੇ ਜਤਾਈ ਖ਼ੁਸ਼ੀ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



