ਚੰਡੀਗੜ੍ਹ: ਪੰਜਾਬ ਵਿੱਚ ਪੈ ਰਹੀ ਕੜਾਕੇ ਦੀ ਠੰਢ ਅਤੇ ਸੰਘਣੀ ਧੁੰਦ ਨੇ ਆਮ ਜਨਜੀਵਨ ਦੀ ਰਫ਼ਤਾਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਸੋਮਵਾਰ ਨੂੰ ਸੂਬੇ ਦੇ ਕਈ ਹਿੱਸਿਆਂ ਵਿੱਚ ਸੰਘਣੀ ਧੁੰਦ ਦੀ ਚਾਦਰ ਤਣੀ ਰਹੀ, ਜਿਸ ਕਾਰਨ ਸੜਕੀ ਆਵਾਜਾਈ ਵਿੱਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਮੌਸਮ ਵਿਭਾਗ ਨੇ ਮੰਗਲਵਾਰ ਲਈ ਵੀ ਸੂਬੇ ਦੇ ਕਈ ਇਲਾਕਿਆਂ ਵਿੱਚ ਸੰਘਣੀ ਧੁੰਦ ਦਾ ‘ਯੈਲੋ ਅਲਰਟ’ ਜਾਰੀ ਕੀਤਾ ਹੈ।
ਵਿਜ਼ੀਬਿਲਟੀ ਘਟਣ ਕਾਰਨ ਵਾਹਨ ਚਾਲਕ ਪਰੇਸ਼ਾਨ
ਧੁੰਦ ਦੇ ਕਾਰਨ ਸੂਬੇ ਦੇ ਵੱਖ-ਵੱਖ ਸ਼ਹਿਰਾਂ ਵਿੱਚ ਵਿਜ਼ੀਬਿਲਟੀ (ਦ੍ਰਿਸ਼ਤਾ) ਬਹੁਤ ਘੱਟ ਦਰਜ ਕੀਤੀ ਗਈ। ਪਟਿਆਲਾ ਵਿੱਚ ਵਿਜ਼ੀਬਿਲਟੀ ਮਹਿਜ਼ 40 ਮੀਟਰ ਰਹਿ ਗਈ, ਜਦਕਿ ਹਲਵਾਰਾ ਅਤੇ ਬਠਿੰਡਾ ਵਿੱਚ ਇਹ 50 ਮੀਟਰ ਤੋਂ ਵੀ ਘੱਟ ਰਹੀ। ਫ਼ਰੀਦਕੋਟ ਵਿੱਚ ਵਿਜ਼ੀਬਿਲਟੀ 100 ਮੀਟਰ ਦਰਜ ਕੀਤੀ ਗਈ। ਮੌਸਮ ਵਿਭਾਗ ਨੇ ਵਾਹਨ ਚਾਲਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਸਵੇਰ ਅਤੇ ਦੇਰ ਰਾਤ ਦੇ ਸਮੇਂ ਸਫ਼ਰ ਕਰਦੇ ਹੋਏ ਵਧੇਰੇ ਸਾਵਧਾਨੀ ਵਰਤਣ।
ਤਾਪਮਾਨ ਦੇ ਅੰਕੜੇ: ਬਠਿੰਡਾ ਰਿਹਾ ਸਭ ਤੋਂ ਠੰਢਾ
ਸੂਬੇ ਦੇ ਘੱਟੋ-ਘੱਟ ਤਾਪਮਾਨ ਵਿੱਚ 0.4 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਬਠਿੰਡਾ 6.2 ਡਿਗਰੀ ਸੈਲਸੀਅਸ ਤਾਪਮਾਨ ਦੇ ਨਾਲ ਸਭ ਤੋਂ ਠੰਢਾ ਸ਼ਹਿਰ ਰਿਹਾ। ਹੋਰਨਾਂ ਸ਼ਹਿਰਾਂ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਵਿੱਚ 7.4 ਡਿਗਰੀ, ਲੁਧਿਆਣਾ ਵਿੱਚ 8.4 ਡਿਗਰੀ, ਪਠਾਨਕੋਟ ਵਿੱਚ 7.2 ਡਿਗਰੀ, ਫ਼ਿਰੋਜ਼ਪੁਰ ਵਿੱਚ 7.3 ਡਿਗਰੀ ਅਤੇ ਪਟਿਆਲਾ ਵਿੱਚ 9.4 ਡਿਗਰੀ ਰਿਹਾ। ਘੱਟੋ-ਘੱਟ ਤਾਪਮਾਨ ਦਰਜ ਕੀਤਾ ਗਿਆ। ਹਾਲਾਂਕਿ, ਦਿਨ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ 1.1 ਡਿਗਰੀ ਦਾ ਵਾਧਾ ਹੋਇਆ ਹੈ, ਜੋ ਕਿ ਰੋਪੜ ਵਿੱਚ ਸਭ ਤੋਂ ਵੱਧ 22.7 ਡਿਗਰੀ ਰਿਹਾ।
ਅਗਲੇ 5 ਦਿਨਾਂ ਦੀ ਭਵਿੱਖਬਾਣੀ
ਮੌਸਮ ਮਾਹਿਰਾਂ ਅਨੁਸਾਰ ਆਉਣ ਵਾਲੇ ਪੰਜ ਦਿਨਾਂ ਤੱਕ ਪੰਜਾਬ ਵਿੱਚ ਮੌਸਮ ਖ਼ੁਸ਼ਕ ਬਣਿਆ ਰਹੇਗਾ। ਹਾਲਾਂਕਿ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ, ਪਰ ਸਵੇਰ ਅਤੇ ਰਾਤ ਦੇ ਸਮੇਂ ਸੰਘਣੀ ਧੁੰਦ ਦਾ ਪ੍ਰਭਾਵ ਜਾਰੀ ਰਹੇਗਾ। ਠੰਢੀਆਂ ਹਵਾਵਾਂ ਦੇ ਚੱਲਣ ਕਾਰਨ ਸਵੇਰ ਵੇਲੇ ਕੰਬਣੀ ਦਾ ਅਹਿਸਾਸ ਬਣਿਆ ਰਹੇਗਾ।



