ਫਰੀਦਕੋਟ: ਕਹਿੰਦੇ ਹਨ ਕਿ ਜਦੋਂ ਰੱਬ ਦਿੰਦਾ ਹੈ ਤਾਂ ਝੋਲੀ ਭਰ ਕੇ ਦਿੰਦਾ ਹੈ। ਅਜਿਹਾ ਹੀ ਕੁਝ ਫਰੀਦਕੋਟ ਦੇ ਰਹਿਣ ਵਾਲੇ ਨੌਜਵਾਨ ਲਵਪ੍ਰੀਤ ਸਿੰਘ ਨਾਲ ਹੋਇਆ ਹੈ। ਭੈਣ ਦੇ ਵਿਆਹ ਦੀ ਚਿੰਤਾ ਅਤੇ ਸਿਰ ‘ਤੇ ਚੜ੍ਹੇ ਕਰਜ਼ੇ ਕਾਰਨ ਪਰੇਸ਼ਾਨ ਇਸ ਨੌਜਵਾਨ ਦੀ ਕਿਸਮਤ ਮਹਿਜ਼ 700 ਰੁਪਏ ਨੇ ਬਦਲ ਦਿੱਤੀ। ਲਵਪ੍ਰੀਤ ਨੂੰ 10 ਲੱਖ ਰੁਪਏ ਦਾ ਲਾਟਰੀ ਇਨਾਮ ਨਿਕਲਿਆ ਹੈ, ਜਿਸ ਤੋਂ ਬਾਅਦ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ ਅਤੇ ਲੱਡੂ ਵੰਡੇ ਜਾ ਰਹੇ ਹਨ।
ਮਜਬੂਰੀ ‘ਚ ਅਜ਼ਮਾਈ ਕਿਸਮਤ
ਓਲਡ ਕੈਂਟ ਰੋਡ, ਫਰੀਦਕੋਟ ਦੇ ਰਹਿਣ ਵਾਲੇ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਇੱਕ ਬੈਂਕ ਵਿੱਚ ਪ੍ਰਾਈਵੇਟ ਨੌਕਰੀ ਕਰਦਾ ਹੈ। ਹਾਲ ਹੀ ਵਿੱਚ ਘਰ ਬਣਾਉਣ ਕਾਰਨ ਉਹ ਕਰਜ਼ੇ ਹੇਠਾਂ ਦਬਿਆ ਹੋਇਆ ਸੀ ਅਤੇ ਉੱਪਰੋਂ ਭੈਣ ਦਾ ਵਿਆਹ ਸਿਰ ‘ਤੇ ਸੀ। ਬੀਤੀ 24 ਤਾਰੀਖ ਨੂੰ ਜਦੋਂ ਉਹ ਫਰੀਦਕੋਟ ਤੋਂ ਫਾਜ਼ਲਕਾ ਜਾ ਰਿਹਾ ਸੀ ਤਾਂ ਉਸ ਨੇ ਜਲਾਲਾਬਾਦ ਵਿੱਚ ਰੁਕ ਕੇ 700 ਰੁਪਏ ਦੀ ਇੱਕ ਲਾਟਰੀ ਖਰੀਦੀ। ਕੁਝ ਹੀ ਸਮੇਂ ਬਾਅਦ ਜਦੋਂ ਉਸ ਨੂੰ ਲਾਟਰੀ ਏਜੰਟ ਦਾ ਫੋਨ ਆਇਆ ਕਿ ਉਸ ਨੇ 10 ਲੱਖ ਰੁਪਏ ਜਿੱਤ ਲਏ ਹਨ, ਤਾਂ ਇੱਕ ਵਾਰ ਤਾਂ ਉਸ ਨੂੰ ਯਕੀਨ ਹੀ ਨਹੀਂ ਆਇਆ।
“ਹੁਣ ਚਾਵਾਂ-ਮਲ੍ਹਾਰਾਂ ਨਾਲ ਹੋਵੇਗਾ ਭੈਣ ਦਾ ਵਿਆਹ”
ਆਪਣੀ ਇਨਾਮੀ ਰਾਸ਼ੀ ਦਾ ਦਾਅਵਾ ਕਰਨ ਜਲਾਲਾਬਾਦ ਪਹੁੰਚੇ ਲਵਪ੍ਰੀਤ ਨੇ ਭਾਵੁਕ ਹੁੰਦਿਆਂ ਕਿਹਾ, “ਮੈਂ ਬਹੁਤ ਟੈਂਸ਼ਨ ਵਿੱਚ ਸੀ ਕਿ ਭੈਣ ਦਾ ਵਿਆਹ ਕਿਵੇਂ ਹੋਵੇਗਾ, ਪਰ ਪਰਮਾਤਮਾ ਨੇ ਮੇਰੀ ਬਾਂਹ ਫੜ ਲਈ ਹੈ। ਹੁਣ ਮੈਂ ਆਪਣਾ ਕਰਜ਼ਾ ਵੀ ਉਤਾਰ ਸਕਾਂਗਾ ਅਤੇ ਆਪਣੀ ਭੈਣ ਦਾ ਵਿਆਹ ਵੀ ਬੜੀ ਧੂਮ-ਧਾਮ ਨਾਲ ਕਰਾਂਗਾ।” ਨੌਜਵਾਨ ਦੀ ਇਸ ਕਾਮਯਾਬੀ ‘ਤੇ ਇਲਾਕਾ ਨਿਵਾਸੀ ਵੀ ਉਸ ਨੂੰ ਵਧਾਈਆਂ ਦੇ ਰਹੇ ਹਨ।
ਕਰਨ-ਅਰਜੁਨ ਲਾਟਰੀ ਏਜੰਸੀ ਬਣੀ ‘ਲੱਕੀ ਸੈਂਟਰ‘
ਜਲਾਲਾਬਾਦ ਦੀ ‘ਕਰਨ-ਅਰਜੁਨ ਲਾਟਰੀ ਏਜੰਸੀ’ ਇਨੀਂ ਦਿਨੀਂ ਲੋਕਾਂ ਲਈ ਕਿਸਮਤ ਖੋਲ੍ਹਣ ਵਾਲਾ ਕੇਂਦਰ ਬਣੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਏਜੰਸੀ ਤੋਂ ਕੁਝ ਦਿਨ ਪਹਿਲਾਂ ਪਿੰਡ ਫਲੀਆਂ ਵਾਲਾ ਦੇ ਇੱਕ ਵਿਅਕਤੀ ਨੂੰ ਮਹਿਜ਼ 50 ਰੁਪਏ ਵਿੱਚ 25 ਲੱਖ ਰੁਪਏ ਦਾ ਇਨਾਮ ਨਿਕਲਿਆ ਸੀ। ਇੰਨਾ ਹੀ ਨਹੀਂ, ਇਸ ਤੋਂ ਪਹਿਲਾਂ 1 ਕਰੋੜ ਰੁਪਏ ਦਾ ਵੱਡਾ ਇਨਾਮ ਵੀ ਇਸ ਏਜੰਸੀ ਰਾਹੀਂ ਕਿਸੇ ਦੀ ਕਿਸਮਤ ਚਮਕਾ ਚੁੱਕਾ ਹੈ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ : https://livingindianews.co.in/10-year-old-child-enhances-punjabs-pride-honored-with-prime-ministers-national-child-award-by-president-draupadi-murmu/
ਖ਼ਬਰਾਂ ਲਈ ਲਿਵਿੰਗ ਇੰਡੀਆ ਨਿਊਜ਼ 24/7 ਲਾਈਵ ਨਾਲ ਜੁੜੇ ਰਹੋ



