ਸੁਲਤਾਨਪੁਰ ਲੋਧੀ : ਇਲਾਕੇ ਵਿੱਚ ਅਪਰਾਧੀਆਂ ਦੇ ਹੌਸਲੇ ਇਸ ਕਦਰ ਬੁਲੰਦ ਹੋ ਚੁੱਕੇ ਹਨ ਕਿ ਹੁਣ ਸਰਕਾਰੀ ਬੱਸਾਂ ਵੀ ਉਹਨਾਂ ਦੇ ਨਿਸ਼ਾਨੇ ‘ਤੇ ਆ ਗਈਆਂ ਹਨ। ਤਾਜ਼ਾ ਮਾਮਲੇ ਵਿੱਚ ਲੁਟੇਰਿਆਂ ਵੱਲੋਂ ਦਿਨ ਦਿਹਾੜੇ ਇੱਕ ਸਰਕਾਰੀ ਪਨਬਸ ਨੂੰ ਰੋਕ ਕੇ ਲੁੱਟ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਜਿਸ ਨਾਲ ਯਾਤਰੀਆਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਜਲੰਧਰ ਡੀਪੂ-2 ਦੀ ਪਨਬਸ (ਨੰਬਰ PB 08 DG 5859), ਜੋ ਜਲੰਧਰ ਤੋਂ ਸੁਲਤਾਨਪੁਰ ਲੋਧੀ ਵਾਇਆ ਕਾਲਾ ਸੰਘਿਆਂ, ਸੰਧੂ ਚੱਠਾ, ਸਿੱਧਵਾਂ ਦੋਨਾਂ, ਕੁਲਾਰਾਂ, ਡਿਡਵਿੰਡੀ ਅਤੇ ਮੋਠਾਂਵਾਲ ਰੂਟ ‘ਤੇ ਦਿਹਾਤੀ ਖੇਤਰਾਂ ਨੂੰ ਸੇਵਾ ਦੇ ਰਹੀ ਸੀ, ਨੂੰ ਮੋਠਾਂਵਾਲ ਦੇ ਨੇੜੇ ਨਿਸ਼ਾਨਾ ਬਣਾਇਆ ਗਿਆ।
ਤੇਜ਼ਧਾਰ ਹਥਿਆਰਾਂ ਨਾਲ ਬੱਸ ਰੋਕੀ
ਕੰਡਕਟਰ ਮਲਕੀਤ ਰਾਜ ਅਤੇ ਡਰਾਈਵਰ ਪਵਿੱਤਰ ਸਿੰਘ ਨੇ ਦੱਸਿਆ ਕਿ ਜਦੋਂ ਬੱਸ ਮੋਠਾਂਵਾਲ ਦੇ ਨੇੜੇ ਇੱਕ ਫੈਕਟਰੀ ਕੋਲ ਪਹੁੰਚੀ ਤਾਂ ਇੱਕ ਹੋਂਡਾ ਸਿਟੀ ਕਾਰ (ਨੰਬਰ PB 08 AZ 4567) ਵਿੱਚ ਸਵਾਰ ਹੋ ਕੇ ਆਏ ਦੋ ਨੌਜਵਾਨਾਂ ਨੇ ਬੱਸ ਦੇ ਸਾਹਮਣੇ ਗੱਡੀ ਲਾ ਕੇ ਉਸਨੂੰ ਰੋਕ ਲਿਆ। ਇਸ ਦੌਰਾਨ ਉਹਨਾਂ ਕੋਲ ਤੇਜ਼ਧਾਰ ਹਥਿਆਰ ਸਨ ਅਤੇ ਉਹਨਾਂ ਨੇ ਬੱਸ ‘ਤੇ ਵਾਰ ਵੀ ਕੀਤੇ।
ਨਗਦੀ ਲੁੱਟ ਕੇ ਹੋਏ ਫਰਾਰ
ਹਥਿਆਰਬੰਦ ਲੁਟੇਰਿਆਂ ਨੇ ਡਰ ਦੇ ਮਾਹੌਲ ਵਿੱਚ ਬੱਸ ਅੰਦਰ ਦਾਖਲ ਹੋ ਕੇ ਕੰਡਕਟਰ ਕੋਲ ਮੌਜੂਦ ਝੋਲੇ ਵਿੱਚੋਂ ਨਗਦੀ ਲੁੱਟ ਲਈ ਅਤੇ ਮੌਕੇ ਤੋਂ ਫਰਾਰ ਹੋ ਗਏ। ਅਚਾਨਕ ਹੋਈ ਇਸ ਵਾਰਦਾਤ ਨਾਲ ਬੱਸ ਵਿੱਚ ਬੈਠੀਆਂ ਸਵਾਰੀਆਂ ਸਹਿਮ ਗਈਆਂ ਅਤੇ ਕਾਫ਼ੀ ਸਮੇਂ ਤੱਕ ਡਰ ਦੇ ਸਾਏ ਹੇਠ ਰਹੀਆਂ।
ਪੁਲਿਸ ਲਈ ਚੁਣੌਤੀ
ਇਹ ਘਟਨਾ ਨਾ ਸਿਰਫ਼ ਕਾਨੂੰਨ-ਵਿਵਸਥਾ ‘ਤੇ ਸਵਾਲ ਖੜੇ ਕਰਦੀ ਹੈ, ਸਗੋਂ ਦਿਹਾਤੀ ਰੂਟਾਂ ‘ਤੇ ਯਾਤਰਾ ਕਰਨ ਵਾਲੇ ਲੋਕਾਂ ਦੀ ਸੁਰੱਖਿਆ ‘ਤੇ ਵੀ ਗੰਭੀਰ ਚਿੰਤਾ ਪੈਦਾ ਕਰਦੀ ਹੈ। ਲੁਟੇਰਿਆਂ ਵੱਲੋਂ ਸਰਕਾਰੀ ਬੱਸ ਨੂੰ ਨਿਸ਼ਾਨਾ ਬਣਾਉਣਾ ਪੁਲਿਸ ਲਈ ਵੱਡੀ ਚੁਣੌਤੀ ਬਣ ਗਿਆ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਸਵਾਲ ਇਹ ਹੈ ਕਿ ਆਖਿਰ ਕਦੋਂ ਤੱਕ ਆਮ ਲੋਕ ਅਤੇ ਸਰਕਾਰੀ ਸੇਵਾਵਾਂ ਇਸ ਤਰ੍ਹਾਂ ਅਪਰਾਧੀਆਂ ਦੇ ਨਿਸ਼ਾਨੇ ‘ਤੇ ਰਹਿਣਗੀਆਂ?



