ਮੁੰਬਈ: ਡਰੱਗ ਪਾਰਟੀ ਵਿਚ ਬਾਲੀਵੁੱਡ ਸਟਾਰ ਸ਼ਾਹਰੁਖ ਖਾਨ ਦੇ ਬੇਟੇ ਆਰਿਅਨ ਖਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਐੱਨਸੀਬੀ ਨੇ ਆਰਿਅਨ ਤੋਂ ਕਰੂਜ਼ ਵਿਚ ਉਨ੍ਹਾਂ ਦੀ ਮੌਜੂਦਗੀ ਨੂੰ ਲੈ ਕੇ ਲੰਬੀ ਪੁੱਛਗਿੱਛ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਆਰਿਅਨ ਦੇ ਇਲਾਵਾ ਉਨ੍ਹਾਂ ਦੇ ਦੋਸਤ ਅਰਬਾਜ਼ ਮਰਚੈਂਟ ਤੇ ਮੁਨਮੁਨ ਧਮੇਚਾ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।
ਮੁੰਬਈ ਤੋਂ ਗੋਆ ਜਾ ਰਹੀ ਕਰੂਜ਼ ਵਿਚ ਸ਼ਨੀਵਾਰ ਦੇਰ ਰਾਤ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਛਾਪੇਮਾਰੀ ਹੋਈ ਸੀ, ਜਿਥੇ ਵੱਡੀ ਗਿਣਤੀ ਵਿਚ ਲੋਕ ਮੌਜੂਦ ਸਨ। ਇਨ੍ਹਾਂ ਵਿਚੋਂ 8 ਲੋਕਾਂ ਨੂੰ ਐੱਨਸੀਬੀ ਨੇ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ ਸੀ, ਜਿਨ੍ਹਾਂ ਵਿਚੋਂ ਹੁਣ ਤਿੰਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਐੱਨਸੀਬੀ ਨੇ ਜਿਨ੍ਹਾਂ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਉਨ੍ਹਾਂ ਵਿਚ ਸ਼ਾਹਰੁਖ ਖਾਨ ਦੇ ਬੇਟੇ ਆਰਿਅਨ ਖਾਨ, ਅਰਬਾਜ਼ ਮਰਚੈਂਟ ਤੇ ਮੁਨਮੁਨ ਧਾਮੇਚਾ ਹਨ। ਜਦਕਿ ਐਤਵਾਰ ਨੂੰ ਪੂਰਾ ਦਿਨ ਨੁਪੁਰ ਸਾਰਿਕਾ, ਇਸਮਿਤ ਸਿੰਘ, ਮੋਹਕ ਜੈਸਵਾਲ, ਵਿਕ੍ਰਾਂਤ ਛੋਕਰ ਤੇ ਗੋਮਤੀ ਚੋਪੜਾ ਤੋਂ ਵੀ ਪੁੱਛਗਿੱਛ ਕੀਤੀ ਗਈ। ਅਰਬਾਜ਼ ਮਰਚੈਂਟ ਆਰਿਅਨ ਦੇ ਦੋਸਤ ਹਨ।
ਆਰਿਅਨ ਨੇ ਖੁਦ ਨੂੰ ਦੱਸਿਆ ਪਾਰਟੀ ਦਾ ਗੈਸਟ
ਆਰਿਅਨ ਨਾਲ ਹੋਈ ਐੱਨਸੀਬੀ ਦੀ ਪੁੱਛਗਿੱਛ ਵਿਚ ਆਰਿਅਨ ਨੇ ਦੱਸਿਆ ਸੀ ਕਿ ਉਹ ਪਾਰਟੀ ਵਿਚ ਗੈਸਟ ਦੇ ਤੌਰ ਉੱਤੇ ਪਹੁੰਚੇ ਸਨ। ਆਰਿਅਨ ਨੇ ਕਿਹਾ ਕਿ ਪਾਰਟੀ ਵਿਚ ਸ਼ਾਮਲ ਹੋਣ ਲਈ ਉਨ੍ਹਾਂ ਨੂੰ ਕੋਈ ਪੈਸਾ ਨਹੀਂ ਦਿੱਤਾ ਗਿਆ ਸੀ। ਉਨ੍ਹਾਂ ਨੇ ਦਾਅਵਾ ਕੀਤਾ ਕਿ ਪਾਰਟੀ ਦੇ ਆਰਗੇਨਾਈਜ਼ਰ ਨੇ ਉਨ੍ਹਾਂ ਦੇ ਨਾਂ ਦੀ ਵਰਤੋਂ ਕਰਕੇ ਲੋਕਾਂ ਨੂੰ ਪਾਰਟੀ ਉੱਤੇ ਬੁਲਾਇਆ ਸੀ। ਮਾਮਲੇ ਦੀ ਜਾਂਚ ਦੇ ਲਈ ਐੱਨਸੀਬੀ ਨੇ ਆਰਿਅਨ ਦਾ ਫੋਨ ਜ਼ਬਤ ਕਰ ਕੇ ਉਨ੍ਹਾਂ ਦੇ ਚੈਟ ਖੰਗਾਲੇ ਹਨ।
ਐੱਨਸੀਬੀ ਨੇ ਬਿਆਨ ਜਾਰੀ ਕਰ ਕੇ ਦੱਸਿਆ ਸੀ ਕਿ 2 ਅਕਤੂਬਰ ਨੂੰ ਕਾਰਡੇਲੀਆ ਕਰੂਜ਼ ਉੱਤੇ ਛਾਪਾ ਮਾਰਿਆ ਗਿਆ ਤੇ ਉਥੇ ਮੌਜੂਦ ਸਾਰੇ ਲੋਕਾਂ ਦੀ ਤਲਾਸ਼ੀ ਲਈ ਗਈ। ਟੀਮ ਨੇ ਉੱਥੋਂ ਐੱਮਡੀਐੱਮਏ, ਕੋਕੇਨ, ਐੱਮਡੀ ਤੇ ਚਰਸ ਬਰਾਮਦ ਕੀਤੀ ਹੈ।
ਪੈਸੇਂਜਰ ਬਣ ਕੇ ਕਰੂਜ਼ ‘ਤੇ ਗਏ ਸਨ ਐੱਨਸੀਬੀ ਦੇ ਅਫਸਰ
ਐੱਨਸੀਬੀ ਦੇ ਡੀਜੀ ਐੱਸਐੱਨ ਪ੍ਰਧਾਨ ਨੇ ਬਿਆਨ ਜਾਰੀ ਕਰ ਕੇ ਦੱਸਿਆ ਕਿ ਟੀਮ ਦੇ 22 ਅਧਿਕਾਰੀ ਸਾਦੇ ਕੱਪੜਿਆਂ ਵਿਚ ਕਰੂਜ਼ ਉੱਤੇ ਪੈਸੇਂਜਰ ਬਣ ਕੇ ਗਏ ਸਨ। ਸ਼ਿੱਪ ਵਿਚ ਤਕਰੀਬਨ 1800 ਯਾਤਰੀ ਸਨ, ਜਿਥੇ ਡਰੱਗਸ ਪਾਰਟੀ ਕਰ ਰਹੇ 8 ਲੋਕਾਂ ਨੂੰ ਫੜਿਆ ਗਿਆ। ਰੇਡ ਤੋਂ ਬਾਅਦ ਸਾਰੇ ਲੋਕਾਂ ਨੂੰ ਮੁੰਬਈ ਐੱਨਸੀਬੀ ਦੇ ਦਫਤਰ ਲਿਆਂਦਾ ਗਿਆ, ਜਿਥੇ ਮਾਮਲੇ ਦੀ ਪੁੱਛਗਿੱਛ ਕੀਤੀ ਗਈ।
ਕਰੂਜ਼ ਕੰਪਨੀ ਦੇ ਪ੍ਰਧਾਨ ਨੇ ਡਰੱਗ ਉੱਤੇ ਦਿੱਤੀ ਇਹ ਸਫਾਈ
ਜਿਸ ਕਰੂਜ਼ ਉੱਤੇ ਪਾਰਟੀ ਚੱਲ ਰਹੀ ਸੀ ਉਹ ਕਾਰਡੇਲੀਆ ਕੰਪਨੀ ਦਾ ਹੈ। ਇਸ ਕੰਪਨੀ ਦੇ ਪ੍ਰਧਾਨ ਤੇ ਸੀਈਓ ਜੁਰਗਨ ਬੇਲੋਮ ਨੇ ਇਕ ਬਿਆਨ ਜਾਰੀ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਐੱਨਸੀਬੀ ਨੂੰ ਕੁਝ ਯਾਤਰੀਆਂ ਦੇ ਸਾਮਾਨ ਵਿਚ ਡਰੱਗਸ ਮਿਲੀ, ਜਿਨ੍ਹਾਂ ਨੂੰ ਕਾਰਡੇਲੀਆ ਨੇ ਤੁਰੰਤ ਉਤਾਰ ਦਿੱਤਾ। ਇਸ ਕਾਰਨ ਕਰੂਜ਼ ਨੂੰ ਯਾਤਰਾ ਤੈਅ ਕਰਨ ਵਿਚ ਵੀ ਦੇਰੀ ਹੋਈ। ਉਨ੍ਹਾਂ ਨੇ ਇਸ ਦੇ ਲਈ ਯਾਤਰੀਆਂ ਤੋਂ ਵੀ ਮੁਆਫੀ ਮੰਗੀ।



