ਚੰਡੀਗੜ੍ਹ– ਪੰਜਾਬੀ ਗਾਇਕ ਮਨਕੀਰਤ ਔਲਖ ਸਿੱਧੂ ਮੂਸੇ ਵਾਲਾ ਦੇ ਕਤਲ ਤੋਂ ਬਾਅਦ ਵਿਵਾਦਾਂ ’ਚ ਘਿਰੇ ਹੋਏ ਹਨ। ਜਿਥੇ ਕਈ ਗੈਂਗਸਟਰਾਂ ਵਲੋਂ ਸਿੱਧੂ ਮੂਸੇ ਵਾਲਾ ਦੀ ਮੌਤ ਦਾ ਬਦਲਾ ਲੈਣ ਦੀ ਗੱਲ ਆਖੀ ਜਾ ਰਹੀ ਹੈ, ਉਥੇ ਕੁਝ ਗੈਂਗਸਟਰ ਪੋਸਟਾਂ ਸਾਂਝੀਆਂ ਕਰਕੇ ਇਹ ਵੀ ਕਹਿ ਰਹੇ ਹਨ ਕਿ ਸਿੱਧੂ ਦੇ ਕਤਲ ਪਿੱਛੇ ਮਨਕੀਰਤ ਔਲਖ ਦਾ ਵੀ ਹੱਥ ਹੈ। ਇਨ੍ਹਾਂ ਵਿਚਾਲੇ ਪਿੱਛੇ ਜਿਹੇ ਖ਼ਬਰ ਆਈ ਸੀ ਕਿ ਮਨਕੀਰਤ ਔਲਖ ਭਾਰਤ ਛੱਡ ਕੇ ਵਿਦੇਸ਼ ਚਲੇ ਗਏ ਹਨ।
Also Read: ਬਿਕਰਮ ਮਜੀਠੀਆ ਨੂੰ ਜੇਲ੍ਹ ‘ਚ ਖਤਰਾ! ਪਤਨੀ ਗਨੀਵ ਨੇ ਪੰਜਾਬ ਰਾਜਪਾਲ ਤੇ DGP ਨੂੰ ਲਿਖੀ ਚਿੱਠੀ
ਹੁਣ ਇਨ੍ਹਾਂ ਵਿਵਾਦਾਂ ’ਤੇ ਮਨਕੀਰਤ ਔਲਖ ਨੇ ਇਕ ਵੀਡੀਓ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀ ਕੀਤੀ ਹੈ। ਇਹ ਵੀਡੀਓ ਮਨਕੀਰਤ ਔਲਖ ਦੇ ਇਕ ਸ਼ੋਅ ਦੀ ਹੈ, ਜਿਥੇ ਸਿੱਧੂ ਮੂਸੇ ਵਾਲਾ ਦੇ ਮਾਤਾ ਜੀ ਵੀ ਨਜ਼ਰ ਆ ਰਹੇ ਹਨ। ਵੀਡੀਓ ਦੀ ਕੈਪਸ਼ਨ ’ਚ ਮਨਕੀਰਤ ਔਲਖ ਲਿਖਦੇ ਹਨ, ‘‘ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਕੋਈ ਕਿੰਨਾ ਵੀ ਬੁਰਾ ਬਣਾਈ ਜਾਵੇ ਤੇ ਮੀਡੀਆ ਭਾਵੇਂ ਕਿੰਨੀਆਂ ਵੀ ਫੇਕ ਨਿਊਜ਼ ਸਰਕੂਲੇਟ ਕਰੀ ਜਾਵੇ ਪਰ ਰੱਬ ਜਾਣਦਾ ਮੈਂ ਕਿਸੇ ਮਾਂ ਤੋਂ ਉਸ ਦਾ ਪੁੱਤ ਖੋਹਣ ਦੀ ਗੱਲ ਤਾਂ ਦੂਰ, ਇਹ ਸਭ ਸੋਚ ਵੀ ਨਹੀਂ ਸਕਦਾ। ਲਗਭਗ ਪਿਛਲੇ ਇਕ ਸਾਲ ਤੋਂ ਮੈਨੂੰ ਧਮਕੀਆਂ ਮਿਲ ਰਹੀਆਂ ਹਨ।’’
ਮਨਕੀਰਤ ਨੇ ਅੱਗੇ ਲਿਖਿਆ, ‘‘ਇੰਨੇ ਨਾਜ਼ੁਕ ਮਾਹੌਲ ’ਚ ਜ਼ਿੰਦਗੀ ਦਾ ਇਕ-ਇਕ ਦਿਨ ਬਤੀਤ ਕਰਨਾ ਦਿਮਾਗ ਤੇ ਸਰੀਰ ਲਈ ਕੋਈ ਸੌਖੀ ਗੱਲ ਨਹੀਂ ਹੈ। ਜੇਕਰ ਇੰਨੇ ਨਾਜ਼ੁਕ ਮਾਹੌਲ ’ਚ ਮੈਂ ਆਪਣੇ ਆਪ ਨੂੰ ਇਕਾਂਤਵਾਸ ਕੀਤਾ ਤਾਂ ਇਸ ’ਚ ਗਲਤ ਕੀ ਹੈ। ਮੈਂ ਆਪਣੇ ਸਮਾਜ ਤੇ ਮੀਡੀਆ ਨੂੰ ਹੱਥ ਬੰਨ੍ਹ ਕੇ ਇਕ ਅਪੀਲ ਕਰਦਾ ਕਿ ਕਿਸੇ ਵੀ ਗੱਲ ਦੀ ਤਹਿ ਤਕ ਜਾਏ ਬਿਨਾਂ ਕਿਸੇ ਨੂੰ ਗੁਨਾਹਗਾਰ ਨਾ ਬਣਾਓ। ਆਪਾ ਆਪਣੇ ਉਸ ਸੱਚੇ ਪ੍ਰਮਾਤਮਾ ਤੋਂ ਇਨਸਾਫ ਦੀ ਉਮੀਦ ਰੱਖੀਏ।’’
Also Read: ਸਲਮਾਨ ਖਾਨ ਨੂੰ ਕਿਸਨੇ ਦਿੱਤੀ ਧਮਕੀ ਤੇ ਕਿਸ ਨਾਲ ਹੈ ਦੁਸ਼ਮਣੀ? ਐਕਟਰ ਨੇ ਪੁਲਿਸ ਨੂੰ ਦਿੱਤਾ ਇਹ ਬਿਆਨ
ਦੱਸ ਦੇਈਏ ਕਿ ਇਸ ਪੋਸਟ ਰਾਹੀਂ ਮਨਕੀਰਤ ਔਲਖ ਨੇ ਇਹ ਖ਼ੁਲਾਸਾ ਕੀਤਾ ਹੈ ਕਿ ਉਨ੍ਹਾਂ ਨੂੰ ਵੀ ਪਿਛਲੇ ਕਾਫੀ ਸਮੇਂ ਤੋਂ ਧਮਕੀਆਂ ਮਿਲ ਰਹੀਆਂ ਹਨ। ਅੱਜ ਸਿੱਧੂ ਮੂਸੇ ਵਾਲਾ ਦਾ ਭੋਗ ਤੇ ਅੰਤਿਮ ਅਰਦਾਸ ਹੈ। ਇਸ ਦੀ ਇਕ ਤਸਵੀਰ ਵੀ ਮਨਕੀਰਤ ਔਲਖ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀ ਕੀਤੀ ਹੈ।




