ਗੁਰਦਾਸਪੁਰ: ਪੰਜਾਬ ਦੇ ਨੌਜਵਾਨਾਂ ਨੂੰ ਤਕਨੀਕੀ ਪੱਖੋਂ ਮਜ਼ਬੂਤ ਕਰਨ ਅਤੇ ਰੁਜ਼ਗਾਰ ਦੇ ਨਵੇਂ ਮੌਕੇ ਪ੍ਰਦਾਨ ਕਰਨ ਲਈ ਗੁਰਦਾਸਪੁਰ ਦੀ ਬੇਅੰਤ ਟੈਕਨੀਕਲ ਯੂਨੀਵਰਸਿਟੀ ਨੇ ਇੱਕ ਅਹਿਮ ਪਹਿਲਕਦਮੀ ਕੀਤੀ ਹੈ। ਭਾਰਤ ਸਰਕਾਰ ਦੇ ਸਹਿਯੋਗ ਨਾਲ ਯੂਨੀਵਰਸਿਟੀ ਵਿੱਚ ਹੁਣ ‘ਡਰੋਨ ਟ੍ਰੇਨਿੰਗ’ (Drone Training) ਸ਼ੁਰੂ ਕੀਤੀ ਜਾ ਰਹੀ ਹੈ। ਪੰਜਾਬ ਵਿੱਚ ਆਪਣੀ ਕਿਸਮ ਦੀ ਇਸ ਪਹਿਲੀ ਟ੍ਰੇਨਿੰਗ ਰਾਹੀਂ ਨੌਜਵਾਨਾਂ ਨੂੰ ਡਰੋਨ ਤਕਨਾਲੋਜੀ ਦੀਆਂ ਬਾਰੀਕੀਆਂ ਸਿਖਾਈਆਂ ਜਾਣਗੀਆਂ।
3 ਮਹੀਨਿਆਂ ਦਾ ਕੋਰਸ ਅਤੇ ਰੁਜ਼ਗਾਰ ਦੀ ਗਰੰਟੀ
ਇਸ ਪ੍ਰੋਜੈਕਟ ਬਾਰੇ ਜਾਣਕਾਰੀ ਦਿੰਦਿਆਂ ਮੈਡਮ ਸੋਨਾਲੀ ਸਿਨਹਾ ਅਤੇ ਕੈਪਟਨ ਹਰੀਸ਼ ਨੇ ਦੱਸਿਆ ਕਿ ਅਜੋਕੇ ਦੌਰ ਵਿੱਚ ਖੇਤੀਬਾੜੀ ਅਤੇ ਉਦਯੋਗਿਕ ਖੇਤਰਾਂ ਵਿੱਚ ਡਰੋਨ ਦੀ ਮੰਗ ਤੇਜ਼ੀ ਨਾਲ ਵਧ ਰਹੀ ਹੈ। ਯੂਨੀਵਰਸਿਟੀ ਵੱਲੋਂ 3 ਮਹੀਨਿਆਂ ਦਾ ਸਕਿੱਲ ਟ੍ਰੇਨਿੰਗ ਕੋਰਸ ਕਰਵਾਇਆ ਜਾਵੇਗਾ। ਇਸ ਕੋਰਸ ਨੂੰ ਪੂਰਾ ਕਰਨ ਤੋਂ ਬਾਅਦ ਨੌਜਵਾਨਾਂ ਨੂੰ ਰਿਮੋਟ ਪਾਇਲਟ ਸਰਟੀਫਿਕੇਟ (RPC) ਹਾਸਲ ਕਰਨ ਵਿੱਚ ਮਦਦ ਮਿਲੇਗੀ, ਜੋ ਕਿ ਡੀ.ਜੀ.ਸੀ.ਏ. (DGCA) ਵੱਲੋਂ ਮਾਨਤਾ ਪ੍ਰਾਪਤ ਹੋਵੇਗਾ।
ਖੇਤੀਬਾੜੀ ਖੇਤਰ ਵਿੱਚ ਕ੍ਰਾਂਤੀਕਾਰੀ ਬਦਲਾਅ
ਮਾਹਿਰਾਂ ਅਨੁਸਾਰ, ਡਰੋਨ ਤਕਨੀਕ ਕਿਸਾਨਾਂ ਲਈ ਵਰਦਾਨ ਸਾਬਤ ਹੋ ਰਹੀ ਹੈ। ਜਿਵੇ ਕਿ ਤੇਜ਼ ਸਪਰੇਅ: 10 ਲੀਟਰ ਦੀ ਸਮਰੱਥਾ ਵਾਲਾ ਐਗਰੀਕਲਚਰ ਡਰੋਨ ਮਹਿਜ਼ 7 ਤੋਂ 10 ਮਿੰਟਾਂ ਵਿੱਚ ਇੱਕ ਏਕੜ ਖੇਤ ‘ਤੇ ਕੀਟਨਾਸ਼ਕਾਂ ਦਾ ਛਿੜਕਾਅ ਕਰ ਸਕਦਾ ਹੈ। ਬਚਤ ਨਾਲ ਦਵਾਈ ਅਤੇ ਪਾਣੀ ਦੀ ਘੱਟ ਖਪਤ ਹੁੰਦੀ ਹੈ ਅਤੇ ਸਮੇਂ ਦੀ ਵੱਡੀ ਬਚਤ ਹੁੰਦੀ ਹੈ। ਆਟੋਮੈਟਿਕ ਸਿਸਟਮ ਡਰੋਨ ਪੂਰੀ ਤਰ੍ਹਾਂ ਆਟੋਮੈਟਿਕ ਹਨ, ਜੋ ਖੇਤ ਦੀ ਨਿਸ਼ਾਨਦੇਹੀ ਕਰਨ ਤੋਂ ਬਾਅਦ ਆਪਣੇ ਆਪ ਕੰਮ ਕਰਕੇ ਵਾਪਸ ਪਰਤ ਆਉਂਦੇ ਹਨ।
ਬੇਰੁਜ਼ਗਾਰੀ ਖ਼ਤਮ ਕਰਨ ਵੱਲ ਵੱਡਾ ਕਦਮ
ਯੂਨੀਵਰਸਿਟੀ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਸ ਟ੍ਰੇਨਿੰਗ ਤੋਂ ਬਾਅਦ ਨੌਜਵਾਨ ਨਾ ਸਿਰਫ਼ ਵੱਖ-ਵੱਖ ਕੰਪਨੀਆਂ ਵਿੱਚ ਨੌਕਰੀ ਕਰ ਸਕਣਗੇ, ਸਗੋਂ ਆਪਣਾ ਖੁਦ ਦਾ ‘ਡਰੋਨ ਸਰਵਿਸ ਸੈਂਟਰ’ ਖੋਲ੍ਹ ਕੇ ਸਵੈ-ਰੁਜ਼ਗਾਰ ਵੀ ਸ਼ੁਰੂ ਕਰ ਸਕਦੇ ਹਨ। ਖੇਤੀਬਾੜੀ ਸੇਵਾ ਪ੍ਰਦਾਤਾ (Service Provider) ਵਜੋਂ ਕੰਮ ਕਰਨਾ ਅੱਜ ਦੇ ਸਮੇਂ ਵਿੱਚ ਇੱਕ ਬਹੁਤ ਹੀ ਲਾਹੇਵੰਦ ਕਾਰੋਬਾਰ ਬਣ ਰਿਹਾ ਹੈ।



