ਦੋਰਾਂਗਲਾ ਦੇ ਸਰਕਾਰੀ ਸਕੂਲ ਅੱਗੇ ਗੰਦੇ ਪਾਣੀ ਦਾ ਜਮਾਵ; ਬੱਚੇ ਨਰਕ ਵਰਗੀ ਜ਼ਿੰਦਗੀ ਜਿਊਣ ਲਈ ਮਜਬੂਰ

ਗੁਰਦਾਸਪੁਰ : ਸਰਹੱਦੀ ਕਸਬਾ ਦੋਰਾਂਗਲਾ ਵਿੱਚ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਮੁੱਖ ਗੇਟ ਦੇ ਬਾਹਰ ਹਾਲਾਤ ਬੇਹੱਦ ਚਿੰਤਾਜਨਕ ਬਣੇ ਹੋਏ ਹਨ। ਸਕੂਲ ਦੇ ਰਸਤੇ…

Dirty water accumulates

ਗੁਰਦਾਸਪੁਰ : ਸਰਹੱਦੀ ਕਸਬਾ ਦੋਰਾਂਗਲਾ ਵਿੱਚ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਮੁੱਖ ਗੇਟ ਦੇ ਬਾਹਰ ਹਾਲਾਤ ਬੇਹੱਦ ਚਿੰਤਾਜਨਕ ਬਣੇ ਹੋਏ ਹਨ। ਸਕੂਲ ਦੇ ਰਸਤੇ ਵਿੱਚ ਖੜ੍ਹੇ ਗੰਦੇ ਪਾਣੀ ਨੇ ਛੱਪੜ ਦਾ ਰੂਪ ਧਾਰ ਲਿਆ ਹੈ, ਜਿਸ ਕਾਰਨ ਸਕੂਲੀ ਵਿਦਿਆਰਥੀਆਂ, ਅਧਿਆਪਕਾਂ ਅਤੇ ਆਮ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਵਰਦੀਆਂ ਅਤੇ ਕਿਤਾਬਾਂ ਹੋ ਰਹੀਆਂ ਖਰਾਬ, ਬਿਮਾਰੀਆਂ ਦਾ ਡਰ

ਸਕੂਲ ਜਾਣ ਵਾਲੇ ਛੋਟੇ ਬੱਚੇ ਰੋਜ਼ਾਨਾ ਇਸ ਗੰਦੇ ਪਾਣੀ ਵਿੱਚੋਂ ਲੰਘਣ ਲਈ ਮਜਬੂਰ ਹਨ। ਹਾਲਤ ਇਹ ਹੈ ਕਿ ਕਈ ਵਾਰ ਬੱਚਿਆਂ ਦੀਆਂ ਵਰਦੀਆਂ ਅਤੇ ਬਸਤੇ ਗੰਦੇ ਪਾਣੀ ਨਾਲ ਭਿੱਜ ਜਾਂਦੇ ਹਨ, ਜਿਸ ਕਾਰਨ ਉਨ੍ਹਾਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ। ਦੱਸਣਯੋਗ ਹੈ ਕਿ ਇਹੀ ਰਸਤਾ ਇਲਾਕੇ ਦੇ ਸਰਕਾਰੀ ਹਸਪਤਾਲ ਅਤੇ ਕਈ ਨੇੜਲੇ ਪਿੰਡਾਂ ਨੂੰ ਵੀ ਜੋੜਦਾ ਹੈ, ਜਿਸ ਕਾਰਨ ਮਰੀਜ਼ਾਂ ਅਤੇ ਰਾਹਗੀਰਾਂ ਨੂੰ ਵੀ ਇਸੇ ਨਰਕ ਵਿੱਚੋਂ ਗੁਜ਼ਰਨਾ ਪੈ ਰਿਹਾ ਹੈ।

ਸਰਪੰਚ ਦੇ ਠੇਕੇਦਾਰ ਤੇ ਗੰਭੀਰ ਦੋਸ਼

ਪਿੰਡ ਦੇ ਸਰਪੰਚ ਕਰਮਜੀਤ ਸਿੰਘ ਮਿੰਟੂ ਨੇ ਇਸ ਸਥਿਤੀ ਲਈ ਠੇਕੇਦਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਸਾਬਕਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਇੱਥੇ ਸੀਵਰੇਜ ਪਾਉਣ ਲਈ ਕਰੋੜਾਂ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਸੀ। ਸਰਪੰਚ ਦਾ ਦੋਸ਼ ਹੈ ਕਿ ਠੇਕੇਦਾਰ ਵੱਲੋਂ ਕੰਮ ਸਹੀ ਢੰਗ ਨਾਲ ਨਹੀਂ ਕੀਤਾ ਗਿਆ ਅਤੇ ਪੈਸੇ ਦੀ ਦੁਰਵਰਤੋਂ ਹੋਈ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਕਤ ਠੇਕੇਦਾਰ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।

ਠੇਕੇਦਾਰ ਦਾ ਪੱਖ: ਸਫਾਈ ਨਾ ਹੋਣ ਕਾਰਨ ਆਈ ਸਮੱਸਿਆ

ਦੂਜੇ ਪਾਸੇ, ਜਦੋਂ ਸੀਵਰੇਜ ਦਾ ਕੰਮ ਕਰਨ ਵਾਲੇ ਠੇਕੇਦਾਰ ਜਸਵਿੰਦਰ ਸਿੰਘ ਨਾਲ ਸੰਪਰਕ ਕੀਤਾ ਗਿਆ, ਤਾਂ ਉਨ੍ਹਾਂ ਨੇ ਆਪਣੇ ਉੱਪਰ ਲੱਗੇ ਦੋਸ਼ਾਂ ਨੂੰ ਨਕਾਰ ਦਿੱਤਾ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਆਪਣਾ ਕੰਮ 3 ਸਾਲ ਪਹਿਲਾਂ ਹੀ ਮੁਕੰਮਲ ਕਰ ਚੁੱਕੇ ਹਨ। ਪਿਛਲੇ 3 ਸਾਲਾਂ ਵਿੱਚ ਕੋਈ ਸਮੱਸਿਆ ਨਹੀਂ ਆਈ। ਪਿੰਡ ਦੀ ਪੰਚਾਇਤ ਨੇ ਸੀਵਰੇਜ ਦੀ ਸਮੇਂ ਸਿਰ ਸਫਾਈ ਨਹੀਂ ਕਰਵਾਈ, ਜਿਸ ਕਾਰਨ ਪਾਈਪ ਬੰਦ (ਚੌਕ) ਹੋ ਗਏ। ਖੜ੍ਹੇ ਪਾਣੀ ਨੂੰ ਕੱਢਣ ਲਈ ਪੱਖਾ ਲਗਾਇਆ ਗਿਆ ਸੀ, ਜਿਸ ਦਾ ਪਾਣੀ ਸੜਕ ‘ਤੇ ਆ ਗਿਆ ਹੈ ਅਤੇ ਇਸ ਨੂੰ ਸੁੱਕਣ ਵਿੱਚ ਕੁਝ ਦਿਨ ਲੱਗਣਗੇ।

ਪ੍ਰਸ਼ਾਸਨਿਕ ਦਖਲ ਦੀ ਮੰਗ

ਸਥਾਨਕ ਲੋਕਾਂ ਅਤੇ ਸਕੂਲ ਸਟਾਫ ਨੇ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਇਸ ਮਸਲੇ ਦਾ ਜਲਦ ਤੋਂ ਜਲਦ ਸਥਾਈ ਹੱਲ ਕੱਢਿਆ ਜਾਵੇ ਤਾਂ ਜੋ ਬੱਚਿਆਂ ਦੀ ਸਿਹਤ ਅਤੇ ਪੜ੍ਹਾਈ ਦਾ ਹੋਰ ਨੁਕਸਾਨ ਨਾ ਹੋਵੇ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ 

ਗੁਰਦਾਸਪੁਰ ਦੇ ‘ਸਕੂਲ ਆਫ਼ ਐਮੀਨੈਂਸ’ ਦੇ ਖਿਡਾਰੀਆਂ ਦਾ ਕੌਮੀ ਪੱਧਰ ‘ਤੇ ਜਲਵਾ, ਜਿੱਤੇ ਕਈ ਮੈਡਲ

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *