ਪੰਜਾਬ: ਪੰਜਾਬ ਵਿੱਚ ਰਸੋਈ ਗੈਸ (LPG) ਦੀ ਸਪਲਾਈ ਵਿੱਚ ਆਈ ਰੁਕਾਵਟ ਨੇ ਹੁਣ ਬਾਜ਼ਾਰ ਦਾ ਗਣਿਤ ਵਿਗਾੜ ਦਿੱਤਾ ਹੈ। ਗੈਸ ਏਜੰਸੀਆਂ ਦੇ ਬਾਹਰ ਲੱਗੀਆਂ ਲੰਬੀਆਂ ਲਾਈਨਾਂ ਅਤੇ ਸਿਲੰਡਰਾਂ ਦੀ ਕਮੀ ਕਾਰਨ ਲੋਕਾਂ ਨੇ ਬਦਲਵੇਂ ਸਾਧਨਾਂ ਵੱਲ ਰੁਖ਼ ਕੀਤਾ ਹੈ। ਇਸ ਦਾ ਨਤੀਜਾ ਇਹ ਹੋਇਆ ਹੈ ਕਿ ਬਾਜ਼ਾਰ ਵਿੱਚ ਇੰਡਕਸ਼ਨ ਚੁੱਲ੍ਹੇ, ਇਲੈਕਟ੍ਰਿਕ ਹੀਟਰ ਅਤੇ ਪੁਰਾਣੇ ਸਮੇਂ ਦੇ ਸਟੋਵ ਦੀ ਮੰਗ ਇੰਨੀ ਵਧ ਗਈ ਹੈ ਕਿ ਹੁਣ ਇਹ ਚੀਜ਼ਾਂ ਦੁਕਾਨਾਂ ਤੋਂ ਪੂਰੀ ਤਰ੍ਹਾਂ ਖ਼ਤਮ ਹੋ ਚੁੱਕੀਆਂ ਹਨ।
ਜੰਗ ਕਾਰਨ ਇੰਡਕਸ਼ਨ ਚੁੱਲ੍ਹਿਆਂ ਦੀ ਸਪਲਾਈ ਪ੍ਰਭਾਵਿਤ
ਇਲੈਕਟ੍ਰਾਨਿਕਸ ਦੇ ਦੁਕਾਨਦਾਰਾਂ ਅਨੁਸਾਰ, ਇੰਡਕਸ਼ਨ ਅਤੇ ਇੰਫਰਾ-ਰੈੱਡ ਚੁੱਲ੍ਹਿਆਂ ਦਾ ਜ਼ਿਆਦਾਤਰ ਸਪੇਅਰ ਪਾਰਟਸ ਵਿਦੇਸ਼ਾਂ ਤੋਂ ਇੰਪੋਰਟ (ਆਯਾਤ) ਕੀਤਾ ਜਾਂਦਾ ਹੈ। ਚੱਲ ਰਹੀ ਜੰਗ ਕਾਰਨ ਇਹ ਸਪੇਅਰ ਪਾਰਟਸ ਭਾਰਤ ਨਹੀਂ ਪਹੁੰਚ ਰਹੇ, ਜਿਸ ਕਾਰਨ ਕੰਪਨੀਆਂ ਨਵੇਂ ਚੁੱਲ੍ਹੇ ਤਿਆਰ ਨਹੀਂ ਕਰ ਪਾ ਰਹੀਆਂ। ਪੂਰੇ ਪੰਜਾਬ ਵਿੱਚ ਇੰਡਕਸ਼ਨ ਚੁੱਲ੍ਹਿਆਂ ਦਾ ਸਟਾਕ ਮੁੱਕ ਚੁੱਕਾ ਹੈ। ਇੱਥੋਂ ਤੱਕ ਕਿ ਸਾਧਾਰਨ ਪੱਥਰ ਵਾਲੇ ਹੀਟਰ, ਜੋ ਆਸਾਨੀ ਨਾਲ ਮਿਲ ਜਾਂਦੇ ਸਨ, ਹੁਣ ਉਹ ਵੀ ਬਾਜ਼ਾਰ ਵਿੱਚ ਨਜ਼ਰ ਨਹੀਂ ਆ ਰਹੇ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਹ ਰੋਜ਼ਾਨਾ 20 ਤੋਂ 25 ਗਾਹਕਾਂ ਨੂੰ ਖਾਲੀ ਹੱਥ ਮੋੜਨ ਲਈ ਮਜਬੂਰ ਹਨ।
30 ਸਾਲ ਪੁਰਾਣੇ ‘ਸਟੋਵ‘ ਦੀ ਮੁੜ ਵਧੀ ਮੰਗ
ਗੈਸ ਦੀ ਕਿੱਲਤ ਨੇ ਲੋਕਾਂ ਨੂੰ ਦਹਾਕਿਆਂ ਪੁਰਾਣੇ ‘ਸਟੋਵ’ ਦੀ ਯਾਦ ਦਿਵਾ ਦਿੱਤੀ ਹੈ। ਬਰਤਨ ਵਿਕਰੇਤਾਵਾਂ ਨੇ ਦੱਸਿਆ ਕਿ ਜਿਹੜੇ ਸਟੋਵ ਲੋਕ ਲਗਭਗ ਭੁੱਲ ਚੁੱਕੇ ਸਨ, ਅੱਜ ਉਨ੍ਹਾਂ ਦੀ ਮੰਗ ਸਭ ਤੋਂ ਵੱਧ ਹੈ। ਕਈ ਸਾਲਾਂ ਤੋਂ ਸਟੋਵ ਅਤੇ ਉਨ੍ਹਾਂ ਦੇ ਸਪੇਅਰ ਪਾਰਟਸ ਬਣਾਉਣ ਵਾਲੀਆਂ ਫੈਕਟਰੀਆਂ ਬੰਦ ਹੋ ਚੁੱਕੀਆਂ ਸਨ, ਜਿਸ ਕਾਰਨ ਹੁਣ ਨਵੀਂ ਸਪਲਾਈ ਨਹੀਂ ਆ ਰਹੀ। ਜਿਨ੍ਹਾਂ ਦੁਕਾਨਦਾਰਾਂ ਕੋਲ ਪੁਰਾਣਾ ਸਟਾਕ ਪਿਆ ਸੀ, ਉਹ ਹੱਥੋ-ਹੱਥ ਵਿਕ ਗਿਆ ਹੈ ਅਤੇ ਹੁਣ ਗਾਹਕਾਂ ਨੂੰ ਨਿਰਾਸ਼ ਹੋ ਕੇ ਮੁੜਨਾ ਪੈ ਰਿਹਾ ਹੈ।
ਸਰਕਾਰੀ ਦਾਅਵੇ ਬਨਾਮ ਜ਼ਮੀਨੀ ਹਕੀਕਤ
ਹਾਲਾਂਕਿ ਸਰਕਾਰ ਵੱਲੋਂ ਵਾਰ-ਵਾਰ ਦਾਅਵੇ ਕੀਤੇ ਜਾ ਰਹੇ ਹਨ ਕਿ ਗੈਸ ਦੀ ਕੋਈ ਕਮੀ ਨਹੀਂ ਹੈ, ਪਰ ਹਕੀਕਤ ਕੁਝ ਹੋਰ ਹੀ ਹੈ। ਗੈਸ ਏਜੰਸੀਆਂ ਦੇ ਬਾਹਰ ਲੋਕਾਂ ਦੀ ਖੱਜਲ-ਖੁਆਰੀ ਜਾਰੀ ਹੈ। ਲੋਕਾਂ ਦਾ ਕਹਿਣਾ ਹੈ ਕਿ ਕਈ-ਕਈ ਦਿਨ ਚੱਕਰ ਲਗਾਉਣ ਦੇ ਬਾਵਜੂਦ ਸਿਲੰਡਰ ਨਹੀਂ ਮਿਲ ਰਹੇ। ਦੂਜੇ ਪਾਸੇ, ਕੰਪਨੀਆਂ ਦਾ ਭਰੋਸਾ ਹੈ ਕਿ ਉਹ ਜਲਦੀ ਹੀ ਮਨੁਫੈਕਚਰਿੰਗ ਤੇਜ਼ ਕਰਕੇ ਸਪਲਾਈ ਬਹਾਲ ਕਰ ਦੇਣਗੀਆਂ, ਪਰ ਫਿਲਹਾਲ ਆਮ ਜਨਤਾ ਲਈ ਰਸੋਈ ਚਲਾਉਣੀ ਇੱਕ ਵੱਡੀ ਚੁਣੌਤੀ ਬਣੀ ਹੋਈ ਹੈ।



