ਅੰਮ੍ਰਿਤਸਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣ ਤੋਂ ਪਹਿਲਾਂ ਇੱਕ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦੀ ਸਰਵਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵੱਡੀ ਕੋਈ ਅਦਾਲਤ ਨਹੀਂ ਹੈ ਅਤੇ ਉਹ ਉੱਥੋਂ ਆਉਣ ਵਾਲੇ ਹਰ ਫੈਸਲੇ ਅਤੇ ਹੁਕਮ ਦਾ ਪੂਰੇ ਦਿਲ ਨਾਲ ਸਤਿਕਾਰ ਕਰਦੇ ਹਨ। ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਉਹ ਉੱਥੇ ਕਿਸੇ ਸਿਆਸੀ ਅਹੁਦੇਦਾਰ ਵਜੋਂ ਨਹੀਂ, ਸਗੋਂ ਇੱਕ ਨਿਮਾਣੇ ਸਿੱਖ ਵਜੋਂ ਹਾਜ਼ਰ ਹੋਣਗੇ।
ਸਮੇਂ ਨੂੰ ਲੈ ਕੇ ਬਣੀ ਦੁਬਿਧਾ
ਹਾਲਾਂਕਿ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵੱਲੋਂ ਪਹਿਲਾਂ ਮੁੱਖ ਮੰਤਰੀ ਨੂੰ ਸ਼ਾਮ 4:30 ਵਜੇ ਦਾ ਸਮਾਂ ਦਿੱਤਾ ਗਿਆ ਸੀ, ਪਰ ਭਗਵੰਤ ਮਾਨ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ ਉਹ ਸਵੇਰੇ 10 ਵਜੇ ਹੀ ਪੇਸ਼ ਹੋਣ ਲਈ ਤਿਆਰ ਹਨ। ਉਨ੍ਹਾਂ ਕਿਹਾ, “ਮੇਰੇ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮ ਸਭ ਤੋਂ ਉੱਪਰ ਹੈ। ਮੈਂ 15 ਜਨਵਰੀ ਦਾ ਪੂਰਾ ਦਿਨ ਗੁਰੂ ਘਰ ਦੇ ਲੇਖੇ ਲਾਇਆ ਹੈ ਅਤੇ ਮੈਂ ਸਵੇਰੇ ਹੀ ਪਹੁੰਚ ਕੇ ਆਪਣਾ ਪੱਖ ਰੱਖਾਂਗਾ।”
ਰਾਸ਼ਟਰਪਤੀ ਦੇ ਪ੍ਰੋਗਰਾਮ ਨਾਲੋਂ ਪੇਸ਼ੀ ਨੂੰ ਦਿੱਤੀ ਤਰਜੀਹ
ਦਿਲਚਸਪ ਗੱਲ ਇਹ ਹੈ ਕਿ 15 ਜਨਵਰੀ ਨੂੰ ਹੀ ਦੇਸ਼ ਦੇ ਮਾਣਯੋਗ ਰਾਸ਼ਟਰਪਤੀ ਅੰਮ੍ਰਿਤਸਰ ਫੇਰੀ ‘ਤੇ ਹਨ, ਪਰ ਮੁੱਖ ਮੰਤਰੀ ਨੇ ਆਪਣੀ ਧਾਰਮਿਕ ਸ਼ਰਧਾ ਨੂੰ ਪਹਿਲ ਦਿੰਦਿਆਂ ਉਸ ਪ੍ਰੋਗਰਾਮ ਤੋਂ ਦੂਰੀ ਬਣਾਈ ਹੈ। ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਅਤੇ ਹੁਕਮ ਉਨ੍ਹਾਂ ਲਈ ਸਰਵਉੱਚ ਹਨ, ਜਿਸ ਕਾਰਨ ਉਹ ਨੰਗੇ ਪੈਰੀਂ ਚੱਲ ਕੇ ਸਕੱਤਰੇਤ ਵਿਖੇ ਪੇਸ਼ ਹੋਣਗੇ ਅਤੇ ਜੱਥੇਦਾਰ ਸਾਹਿਬ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦੇਣਗੇ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ : https://livingindianews.co.in/cm-bhagwant-mann-to-appear-at-akal-takht-sahib-jathedar-says-evening-time-but-chief-minister-ready-to-arrive-in-the-morning/
ਖ਼ਬਰਾਂ ਲਈ ਲਿਵਿੰਗ ਇੰਡੀਆ ਨਿਊਜ਼ 24/7 ਲਾਈਵ ਨਾਲ ਜੁੜੇ ਰਹੋ



