ਗੁਰਦਾਸਪੁਰ : ਜ਼ਿਲ੍ਹਾ ਗੁਰਦਾਸਪੁਰ ਦੇ ਮੈਰੀਟੋਰੀਅਸ ਸਕੂਲ ਵਿੱਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਰਾਤ ਦਾ ਖਾਣਾ ਖਾਣ ਤੋਂ ਬਾਅਦ ਕਈ ਵਿਦਿਆਰਥੀਆਂ ਦੀ ਹਾਲਤ ਅਚਾਨਕ ਵਿਗੜ ਗਈ। ਲਗਭਗ ਅੱਠ ਵਿਦਿਆਰਥੀਆਂ ਨੂੰ ਗੰਭੀਰ ਹਾਲਤ ਵਿੱਚ ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਡਾਕਟਰਾਂ ਵੱਲੋਂ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।
ਰਾਤ ਦਾ ਖਾਣਾ ਖਾਣ ਮਗਰੋਂ ਵਿਗੜੀ ਤਬੀਅਤ
ਹਸਪਤਾਲ ਵਿੱਚ ਜ਼ੇਰੇ-ਇਲਾਜ ਬੱਚਿਆਂ ਨੇ ਦੱਸਿਆ ਕਿ ਰਾਤ ਲਗਭਗ 8:30 ਵਜੇ ਖਾਣਾ ਖਾਣ ਤੋਂ ਤੁਰੰਤ ਬਾਅਦ 8 ਤੋਂ 10 ਬੱਚਿਆਂ ਦੇ ਪੇਟ ਵਿੱਚ ਤੇਜ਼ ਦਰਦ ਸ਼ੁਰੂ ਹੋ ਗਿਆ। ਦੇਖਦੇ ਹੀ ਦੇਖਦੇ ਬੱਚਿਆਂ ਦੀ ਹਾਲਤ ਇੰਨੀ ਖ਼ਰਾਬ ਹੋ ਗਈ ਕਿ ਉਹ ਦਰਦ ਨਾਲ ਤੜਫਣ ਲੱਗੇ, ਜਿਸ ਤੋਂ ਬਾਅਦ ਸਕੂਲ ਪ੍ਰਬੰਧਕਾਂ ਵੱਲੋਂ ਉਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਮੌਕੇ ‘ਤੇ ਮੌਜੂਦ ਡਾਕਟਰਾਂ ਅਨੁਸਾਰ ਇਹ ਮਾਮਲਾ ਫੂਡ ਪੋਇਜ਼ਨਿੰਗ ਦਾ ਹੋ ਸਕਦਾ ਹੈ।
ਪਰਿਵਾਰਾਂ ਨੇ ਖਾਣੇ ਦੀ ਗੁਣਵੱਤਾ ‘ਤੇ ਚੁੱਕੇ ਸਵਾਲ
ਇਸ ਘਟਨਾ ਦੀ ਸੂਚਨਾ ਮਿਲਦੇ ਹੀ ਬੱਚਿਆਂ ਦੇ ਮਾਤਾ-ਪਿਤਾ ਵੀ ਹਸਪਤਾਲ ਪਹੁੰਚ ਗਏ। ਗੁੱਸੇ ਵਿੱਚ ਆਏ ਮਾਪਿਆਂ ਨੇ ਸਕੂਲ ਪ੍ਰਸ਼ਾਸਨ ‘ਤੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਸਕੂਲ ਵਿੱਚ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਖਾਣੇ ਦਾ ਮਿਆਰ ਬਹੁਤ ਮਾੜਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਖਾਣੇ ਦੀ ਗੁਣਵੱਤਾ ਨੂੰ ਲੈ ਕੇ ਉਹ ਪਹਿਲਾਂ ਵੀ ਕਈ ਵਾਰ ਸ਼ਿਕਾਇਤ ਕਰ ਚੁੱਕੇ ਹਨ, ਪਰ ਸਕੂਲ ਵੱਲੋਂ ਕੋਈ ਸੁਧਾਰ ਨਹੀਂ ਕੀਤਾ ਗਿਆ, ਜਿਸ ਦਾ ਖ਼ਮਿਆਜ਼ਾ ਅੱਜ ਬੱਚਿਆਂ ਨੂੰ ਭੁਗਤਣਾ ਪੈ ਰਿਹਾ ਹੈ।
ਪ੍ਰਿੰਸੀਪਲ ਦਾ ਪੱਖ: ‘ਖਾਣਾ ਸਾਫ਼ ਸੀ, ਮੈਂ ਖ਼ੁਦ ਛੁੱਟੀ ‘ਤੇ ਸੀ‘
ਦੂਜੇ ਪਾਸੇ, ਸਕੂਲ ਦੇ ਪ੍ਰਿੰਸੀਪਲ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਸਕੂਲ ਵਿੱਚ ਵਿਦਿਆਰਥੀਆਂ ਨੂੰ ਬਿਲਕੁਲ ਸਾਫ਼-ਸੁਥਰਾ ਅਤੇ ਸ਼ੁੱਧ ਖਾਣਾ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ, “ਮੈਂ ਅੱਜ ਖ਼ੁਦ ਮੈਡੀਕਲ ਛੁੱਟੀ ‘ਤੇ ਸੀ ਕਿਉਂਕਿ ਮੇਰੀ ਆਪਣੀ ਤਬੀਅਤ ਠੀਕ ਨਹੀਂ ਸੀ। ਜਿਵੇਂ ਹੀ ਮੈਨੂੰ ਬੱਚਿਆਂ ਦੀ ਹਾਲਤ ਬਾਰੇ ਪਤਾ ਲੱਗਾ, ਮੈਂ ਤੁਰੰਤ ਸਿਵਲ ਹਸਪਤਾਲ ਪਹੁੰਚਿਆ ਹਾਂ।” ਪ੍ਰਿੰਸੀਪਲ ਅਨੁਸਾਰ ਬੱਚਿਆਂ ਦੀ ਸਿਹਤ ਅਚਾਨਕ ਕਿਉਂ ਵਿਗੜੀ, ਇਸ ਦੀ ਜਾਂਚ ਕੀਤੀ ਜਾਵੇਗੀ।



