ਗੁਰਦਾਸਪੁਰ : ਬਟਾਲਾ ਦੇ ਨਜ਼ਦੀਕੀ ਪਿੰਡ ਪੀਰੋ ਵਾਲੀ ਵਿਖੇ ਚੱਲ ਰਹੇ ਸੱਤ ਰੋਜ਼ਾ ਧਾਰਮਿਕ ਸਮਾਗਮਾਂ ਵਿੱਚ ਬਿਹਾਰ ਦੀ ਉੱਘੀ ਗਾਇਕਾ ਅਤੇ ਮੌਜੂਦਾ ਵਿਧਾਇਕਾ ਮੈਥਲੀ ਠਾਕੁਰ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਆਪਣੀ ਸੁਰੀਲੀ ਆਵਾਜ਼ ਵਿੱਚ ਕੀਰਤਨ ਕਰਦਿਆਂ ਸੰਗਤਾਂ ਨੂੰ ਨਿਹਾਲ ਕੀਤਾ। ਮੈਥਲੀ ਠਾਕੁਰ ਨੇ ਕਿਹਾ ਕਿ ਗੁਰੂ ਘਰ ਆ ਕੇ ਉਨ੍ਹਾਂ ਨੂੰ ਅਧਿਆਤਮਿਕ ਸਕੂਨ ਮਿਲਦਾ ਹੈ, ਜਿਸ ਦੀ ਖਿੱਚ ਉਨ੍ਹਾਂ ਨੂੰ ਹਰ ਸਾਲ ਇੱਥੇ ਲੈ ਆਉਂਦੀ ਹੈ।
ਪਿਛਲੇ 8 ਸਾਲਾਂ ਤੋਂ ਨਿਭਾਅ ਰਹੇ ਨੇ ਸੇਵਾ ਦੀ ਰੀਤ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੈਥਲੀ ਠਾਕੁਰ ਨੇ ਦੱਸਿਆ ਕਿ ਉਹ ਪਿਛਲੇ ਕਰੀਬ 8 ਸਾਲਾਂ ਤੋਂ ਲਗਾਤਾਰ ਇਸ ਗੁਰਦੁਆਰਾ ਸਾਹਿਬ ਵਿੱਚ ਕੀਰਤਨ ਕਰਨ ਲਈ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਵਿਧਾਇਕ ਬਣਨ ਤੋਂ ਬਾਅਦ ਇਹ ਉਨ੍ਹਾਂ ਦੀ ਪਹਿਲੀ ਫੇਰੀ ਹੈ। ਮੈਥਲੀ ਅਨੁਸਾਰ, ਭਾਵੇਂ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਹੁਣ ਵਧ ਗਈਆਂ ਹਨ, ਪਰ ਗੁਰੂ ਘਰ ਪ੍ਰਤੀ ਉਨ੍ਹਾਂ ਦੀ ਸ਼ਰਧਾ ਅਤੇ ਪਿਆਰ ਅਟੁੱਟ ਹੈ।
ਗਾਇਕੀ ਅਤੇ ਰਾਜਨੀਤੀ ਵਿੱਚ ਸੁਮੇਲ
ਆਪਣੇ ਨਿੱਜੀ ਅਤੇ ਰਾਜਨੀਤਿਕ ਜੀਵਨ ਬਾਰੇ ਚਰਚਾ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਗਾਇਕੀ ਅਤੇ ਸਿਆਸਤ ਦੋਵਾਂ ਨੂੰ ਬਰਾਬਰ ਸੰਭਾਲ ਰਹੇ ਹਨ। ਉਨ੍ਹਾਂ ਕਿਹਾ, “ਗਾਇਕੀ ਮੇਰਾ ਜਨੂੰਨ ਹੈ ਅਤੇ ਮੈਂ ਅੱਜ ਵੀ ਦਿਨ-ਰਾਤ ਰਿਆਜ਼ ਕਰਦੀ ਹਾਂ। ਰਿਆਜ਼ ਤੋਂ ਬਚਿਆ ਹੋਇਆ ਸਾਰਾ ਸਮਾਂ ਮੈਂ ਆਪਣੇ ਹਲਕੇ ਦੇ ਲੋਕਾਂ ਦੀ ਸੇਵਾ ਅਤੇ ਉਨ੍ਹਾਂ ਦੇ ਵਿਕਾਸ ਕਾਰਜਾਂ ਲਈ ਸਮਰਪਿਤ ਕਰਦੀ ਹਾਂ।”
ਵਿਰੋਧੀਆਂ ਦੀਆਂ ਟਿੱਪਣੀਆਂ ‘ਤੇ ਦਿੱਤਾ ਬੇਬਾਕ ਜਵਾਬ
ਰਾਜਨੀਤਿਕ ਸਫ਼ਰ ਦੌਰਾਨ ਆਉਣ ਵਾਲੀਆਂ ਚੁਣੌਤੀਆਂ ‘ਤੇ ਬੋਲਦਿਆਂ ਮੈਥਲੀ ਨੇ ਕਿਹਾ ਕਿ ਸ਼ੁਰੂਆਤ ਵਿੱਚ ਜਦੋਂ ਵਿਰੋਧੀ ਨੇਤਾ ਉਨ੍ਹਾਂ ‘ਤੇ ਤੰਜ਼ ਕਸਦੇ ਸਨ, ਤਾਂ ਉਨ੍ਹਾਂ ਨੂੰ ਕਾਫ਼ੀ ਬੁਰਾ ਲੱਗਦਾ ਸੀ। ਪਰ ਹੁਣ ਉਨ੍ਹਾਂ ਨੇ ਇਨ੍ਹਾਂ ਹਾਲਾਤਾਂ ਨਾਲ ਨਜਿੱਠਣਾ ਸਿੱਖ ਲਿਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਉੱਚੀ ਆਵਾਜ਼ ਵਿੱਚ ਬਹਿਸ ਕਰਨਾ ਉਨ੍ਹਾਂ ਦੇ ਸੁਭਾਅ ਵਿੱਚ ਨਹੀਂ ਹੈ, ਪਰ ਆਪਣੇ ਇਲਾਕੇ ਦੇ ਵਿਕਾਸ ਅਤੇ ਲੋਕਾਂ ਦੇ ਹੱਕਾਂ ਲਈ ਉਹ ਵਿਧਾਨ ਸਭਾ ਵਿੱਚ ਪੂਰੀ ਮਜ਼ਬੂਤੀ ਨਾਲ ਆਵਾਜ਼ ਉਠਾਉਂਦੇ ਹਨ।
ਦੱਸਣਯੋਗ ਹੈ ਕਿ ਵਿਧਾਨ ਸਭਾ ਦੀਆਂ ਦੋ ਦਿਨਾਂ ਦੀਆਂ ਛੁੱਟੀਆਂ ਦਾ ਫਾਇਦਾ ਉਠਾਉਂਦੇ ਹੋਏ ਮੈਥਲੀ ਠਾਕੁਰ ਵਿਸ਼ੇਸ਼ ਤੌਰ ‘ਤੇ ਬਟਾਲਾ ਵਿਖੇ ਨਤਮਸਤਕ ਹੋਣ ਪਹੁੰਚੇ ਸਨ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
Dhuri’s appearance will change: ਮੁੱਖ ਮੰਤਰੀ ਦੇ ਹਲਕੇ ਵਿੱਚ 4.5 ਕਰੋੜ ਦੇ ਵਿਕਾਸ ਕਾਰਜਾਂ ਦਾ ਰੱਖਿਆ ਨੀਂਹ ਪੱਥਰ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



