ਜਲੰਧਰ: ਸ਼ਹਿਰ ਦੇ ਚਰਚਿਤ ਲੱਕੀ ਓਬਰਾਏ ਕਤਲ ਕੇਸ ਵਿੱਚ ਪੁਲਿਸ ਦੇ ਹੱਥ ਅਹਿਮ ਸੁਰਾਗ ਲੱਗੇ ਹਨ। ਸੀਸੀਟੀਵੀ ਫੁਟੇਜ ਅਤੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਇਸ ਪੂਰੀ ਸਾਜ਼ਿਸ਼ ਪਿੱਛੇ ਲੱਕੀ ਦੇ ਆਪਣੇ ਨੌਕਰ ‘ਸ਼ਿੰਗਰੀ’ ਦਾ ਹੱਥ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ। ਪਤਾ ਲੱਗਾ ਹੈ ਕਿ ਨੌਕਰ ਨੇ ਹੀ ਸ਼ੂਟਰਾਂ ਦੀ ਮਦਦ ਕੀਤੀ ਅਤੇ ਵਾਰਦਾਤ ਤੋਂ ਪਹਿਲਾਂ ਰੇਕੀ ਵੀ ਕੀਤੀ ਸੀ।
ਕੁੱਟਮਾਰ ਦੀ ਰੰਜਿਸ਼ ਬਣੀ ਕਤਲ ਦਾ ਕਾਰਨ
ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਨੌਕਰ ਸ਼ਿੰਗਰੀ ਨਸ਼ੇ ਦਾ ਆਦੀ ਸੀ, ਜਿਸ ਕਾਰਨ ਲੱਕੀ ਨੇ ਕੁਝ ਸਮਾਂ ਪਹਿਲਾਂ ਉਸ ਦੀ ਕੁੱਟਮਾਰ ਕੀਤੀ ਸੀ। ਇਸੇ ਬੇਇੱਜ਼ਤੀ ਦਾ ਬਦਲਾ ਲੈਣ ਲਈ ਸ਼ਿੰਗਰੀ ਨੇ ਅਪਰਾਧੀਆਂ ਨਾਲ ਹੱਥ ਮਿਲਾਇਆ। ਸੂਤਰਾਂ ਅਨੁਸਾਰ, ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤੀ ਗਈ ਐਕਟਿਵਾ ਵੀ ਸ਼ਿੰਗਰੀ ਦੀ ਹੀ ਸੀ। ਘਟਨਾ ਤੋਂ ਬਾਅਦ ਮੁਲਜ਼ਮ ਮਿੱਠਾਪੁਰ ਵਾਲੇ ਪਾਸੇ ਫ਼ਰਾਰ ਹੋ ਗਏ, ਜਿੱਥੇ ਸ਼ਿੰਗਰੀ ਨੇ ਐਕਟਿਵਾ ਨੂੰ ਟਿਕਾਣੇ ਲਗਾ ਕੇ ਇੱਕ ਕ੍ਰੇਟਾ ਗੱਡੀ ਰਾਹੀਂ ਆਪਣਾ ਸਫਰ ਜਾਰੀ ਰੱਖਿਆ।
ਕ੍ਰੇਟਾ ਗੱਡੀ ਦਾ ਤਿਹਾੜ ਜੇਲ੍ਹ ਤੱਕ ਜੁੜਿਆ ਕੁਨੈਕਸ਼ਨ
ਪੁਲਿਸ ਦੀ ਤਫ਼ਤੀਸ਼ ਦੌਰਾਨ ਇੱਕ ਕ੍ਰੇਟਾ ਕਾਰ ਦਾ ਜ਼ਿਕਰ ਆਇਆ ਹੈ, ਜਿਸ ਵਿੱਚ ਸ਼ਿੰਗਰੀ ਨੂੰ ਦੇਖਿਆ ਗਿਆ। ਜਦੋਂ ਪੁਲਿਸ ਨੇ ਗੱਡੀ ਦੀ ਡਿਟੇਲ ਕਢਵਾਈ ਤਾਂ ਪਤਾ ਲੱਗਾ ਕਿ ਇਹ ਕਾਰ ਪਹਿਲਾਂ ਇੱਕ ਕਾਰ ਡੀਲਰ ਕਾਲੜਾ ਦੀ ਸੀ, ਜੋ ਇਸ ਵੇਲੇ ਕਾਰ ਚੋਰੀ ਦੇ ਕੇਸ ਵਿੱਚ ਤਿਹਾੜ ਜੇਲ੍ਹ ਵਿੱਚ ਬੰਦ ਹੈ। ਕਾਲੜਾ ਤੋਂ ਪੁੱਛਗਿੱਛ ਕਰਨ ‘ਤੇ ਪਤਾ ਲੱਗਾ ਕਿ ਉਸ ਨੇ ਇਹ ਕਾਰ ਅਰੋੜਾ ਨਾਮਕ ਵਿਅਕਤੀ ਨੂੰ ਵੇਚੀ ਸੀ। ਅਰੋੜਾ ਨੇ ਪੈਸਿਆਂ ਦੀ ਲੋੜ ਹੋਣ ਕਾਰਨ ਇਹ ਗੱਡੀ 2.40 ਲੱਖ ਰੁਪਏ ਵਿੱਚ ਲੱਕੀ ਕੋਲ ਗਿਰਵੀ ਰੱਖੀ ਹੋਈ ਸੀ। ਲੱਕੀ ਦਾ ਨੌਕਰ ਹੀ ਇਸ ਗੱਡੀ ਨੂੰ ਵਰਤ ਰਿਹਾ ਸੀ।
ਸੋਨੂੰ ਖੱਤਰੀ ਗੈਂਗ ਨਾਲ ਜੁੜੇ ਤਾਰ
ਪੁਲਿਸ ਸੂਤਰਾਂ ਮੁਤਾਬਕ ਇਸ ਕਤਲ ਕਾਂਡ ਨੂੰ ਸੋਨੂੰ ਖੱਤਰੀ ਗੈਂਗ ਦੇ ਜੋਗਾ ਨੇ ਅੰਜਾਮ ਦਿੱਤਾ ਹੈ। ਸੀਸੀਟੀਵੀ ਵਿੱਚ ਨੌਕਰ ਸ਼ਿੰਗਰੀ ਸ਼ੂਟਰਾਂ ਦੇ ਨਾਲ ਕ੍ਰੇਟਾ ਗੱਡੀ ਵਿੱਚ ਸਵਾਰ ਨਜ਼ਰ ਆ ਰਿਹਾ ਹੈ। ਫਿਲਹਾਲ ਵਾਰਦਾਤ ਤੋਂ ਬਾਅਦ ਨੌਕਰ ਫ਼ਰਾਰ ਹੈ ਅਤੇ ਪੁਲਿਸ ਉਸ ਦੀ ਪੈੜ ਨੱਪਣ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਪੁਲਿਸ ਅਧਿਕਾਰੀਆਂ ਦਾ ਦਾਅਵਾ ਹੈ ਕਿ ਜਲਦ ਹੀ ਸਾਰੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਮਾਨ ਸਰਕਾਰ ਦੀ ‘ਗੈੰਗਸਟਰਾਂ ਤੇ ਵਾਰ’ ਮੁਹਿੰਮ: ਅੰਮ੍ਰਿਤਸਰ ਪੁਲਿਸ ਦਾ ਵੱਡਾ ਐਕਸ਼ਨ, 269 ਮੁਲਜ਼ਮ ਗ੍ਰਿਫ਼ਤਾਰ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



