ਨਵੀਂ ਦਿੱਲੀ: ਵੇਦਾਂਤਾ ਰਿਸੋਰਸਿਜ਼ ਲਿਮਟਿਡ ਦੇ ਸੰਸਥਾਪਕ ਅਤੇ ਚੇਅਰਮੈਨ ਅਨਿਲ ਅਗਰਵਾਲ ਨੇ ਆਪਣੇ ਜੀਵਨ ਦਾ ਸਭ ਤੋਂ ਵੱਡਾ ਅਤੇ ਭਾਵੁਕ ਫੈਸਲਾ ਲਿਆ ਹੈ। ਆਪਣੇ 49 ਸਾਲਾ ਪੁੱਤਰ ਅਗਨੀਵੇਸ਼ ਅਗਰਵਾਲ ਦੇ ਅਚਾਨਕ ਦੇਹਾਂਤ ਤੋਂ ਬਾਅਦ, ਉਨ੍ਹਾਂ ਨੇ ਐਲਾਨ ਕੀਤਾ ਹੈ ਕਿ ਉਹ ਆਪਣੀ ਕੁੱਲ ਦੌਲਤ ਦਾ 75 ਫੀਸਦੀ ਤੋਂ ਵੱਧ ਹਿੱਸਾ ਸਮਾਜ ਸੇਵਾ ਲਈ ਦਾਨ ਕਰਨਗੇ। ਉਨ੍ਹਾਂ ਨੇ ਇਹ ਸੰਕਲਪ ਆਪਣੇ ਮਰਹੂਮ ਪੁੱਤਰ ਨੂੰ ਦਿੱਤੇ ਗਏ ਇੱਕ ਵਾਅਦੇ ਨੂੰ ਪੂਰਾ ਕਰਨ ਲਈ ਲਿਆ ਹੈ।
ਪੁੱਤਰ ਦੇ ਵਿਛੋੜੇ ਨੇ ਦਿੱਤਾ ਡੂੰਘਾ ਸਦਮਾ
ਅਨਿਲ ਅਗਰਵਾਲ ਨੇ ਆਪਣੇ ਪੁੱਤਰ ਦੀ ਮੌਤ ਵਾਲੇ ਦਿਨ ਨੂੰ ਆਪਣੇ ਜੀਵਨ ਦਾ “ਸਭ ਤੋਂ ਕਾਲਾ ਦਿਨ” ਦੱਸਿਆ। ਅਗਨੀਵੇਸ਼ ਅਗਰਵਾਲ ਦਾ ਦੇਹਾਂਤ ਨਿਊਯਾਰਕ ਦੇ ਮਾਊਂਟ ਸਿਨਾਈ ਹਸਪਤਾਲ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਹੋਇਆ। ਉਹ ਸਕੀਇੰਗ ਦੌਰਾਨ ਲੱਗੀਆਂ ਸੱਟਾਂ ਤੋਂ ਉੱਭਰ ਰਹੇ ਸਨ, ਪਰ ਅਚਾਨਕ ਵਾਪਰੇ ਇਸ ਭਾਣੇ ਨੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ। ਅਗਰਵਾਲ ਨੇ ਭਾਵੁਕ ਹੁੰਦਿਆਂ ਕਿਹਾ, “ਇੱਕ ਪਿਤਾ ਦੇ ਜਿਉਂਦੇ ਜੀਅ ਪੁੱਤਰ ਦਾ ਚਲੇ ਜਾਣਾ ਬਹੁਤ ਵੱਡਾ ਦੁੱਖ ਹੈ। ਉਹ ਸਿਰਫ਼ ਮੇਰਾ ਪੁੱਤਰ ਨਹੀਂ, ਸਗੋਂ ਮੇਰਾ ਦੋਸਤ ਅਤੇ ਮੇਰਾ ਮਾਣ ਸੀ।”
ਅਗਨੀਵੇਸ਼ ਦਾ ਸੁਪਨਾ: ਭੁੱਖਮਰੀ ਅਤੇ ਅਨਪੜ੍ਹਤਾ ਮੁਕਤ ਭਾਰਤ
ਅਨਿਲ ਅਗਰਵਾਲ ਨੇ ਸਾਂਝਾ ਕੀਤਾ ਕਿ ਉਨ੍ਹਾਂ ਦੇ ਪੁੱਤਰ ਦਾ ਸੁਪਨਾ ਸੀ ਕਿ ਭਾਰਤ ਵਿੱਚ ਕੋਈ ਵੀ ਬੱਚਾ ਭੁੱਖਾ ਨਾ ਸੌਂਵੇ, ਹਰ ਬੱਚੇ ਨੂੰ ਸਿੱਖਿਆ ਮਿਲੇ ਅਤੇ ਔਰਤਾਂ ਆਤਮ-ਨਿਰਭਰ ਬਣਨ। ਅਗਨੀਵੇਸ਼ ਹਮੇਸ਼ਾ ਭਾਰਤ ਨੂੰ ਇੱਕ ਆਤਮ-ਨਿਰਭਰ ਦੇਸ਼ ਵਜੋਂ ਦੇਖਣਾ ਚਾਹੁੰਦੇ ਸਨ। ਉਨ੍ਹਾਂ ਨੇ ਆਪਣੇ ਪੁੱਤਰ ਨਾਲ ਵਾਅਦਾ ਕੀਤਾ ਸੀ ਕਿ ਉਹ ਆਪਣੀ ਕਮਾਈ ਦਾ ਵੱਡਾ ਹਿੱਸਾ ਸਮਾਜ ਨੂੰ ਮੋੜ ਦੇਣਗੇ। ਅੱਜ ਉਸ ਵਾਅਦੇ ਨੂੰ ਦੁਹਰਾਉਂਦੇ ਹੋਏ ਅਗਰਵਾਲ ਨੇ ਹੋਰ ਵੀ ਸਾਦਾ ਜੀਵਨ ਜਿਊਣ ਦਾ ਪ੍ਰਣ ਲਿਆ ਹੈ।
ਮੱਧਵਰਗੀ ਪਰਿਵਾਰ ਤੋਂ ਸਫਲ ਕਾਰੋਬਾਰੀ ਤੱਕ ਦਾ ਸਫ਼ਰ
3 ਜੂਨ 1976 ਨੂੰ ਪਟਨਾ ਦੇ ਇੱਕ ਮੱਧਵਰਗੀ ਬਿਹਾਰੀ ਪਰਿਵਾਰ ਵਿੱਚ ਜਨਮੇ ਅਗਨੀਵੇਸ਼ ਨੇ ਮੇਓ ਕਾਲਜ ਤੋਂ ਪੜ੍ਹਾਈ ਕੀਤੀ ਅਤੇ ਕਾਰੋਬਾਰੀ ਜਗਤ ਵਿੱਚ ਆਪਣੀ ਵੱਖਰੀ ਪਛਾਣ ਬਣਾਈ। ਉਨ੍ਹਾਂ ਨੇ ‘ਫੁਜੈਰਾ ਗੋਲਡ’ ਵਰਗੀ ਪ੍ਰਮੁੱਖ ਕੰਪਨੀ ਸਥਾਪਤ ਕੀਤੀ ਤੇ ਹਿੰਦੁਸਤਾਨ ਜ਼ਿੰਕ ਦੇ ਚੇਅਰਮੈਨ ਵਜੋਂ ਵੀ ਸੇਵਾਵਾਂ ਨਿਭਾਈਆਂ। ਇੱਕ ਸਫਲ ਕਾਰੋਬਾਰੀ ਹੋਣ ਦੇ ਨਾਲ-ਨਾਲ ਉਹ ਇੱਕ ਵਧੀਆ ਖਿਡਾਰੀ ਅਤੇ ਸੰਗੀਤਕਾਰ ਵੀ ਸਨ। ਅਨਿਲ ਅਗਰਵਾਲ ਨੇ ਕਿਹਾ ਕਿ ਹਾਲਾਂਕਿ ਉਨ੍ਹਾਂ ਦੇ ਪੁੱਤਰ ਨੇ ਬਹੁਤ ਕੁਝ ਹਾਸਲ ਕਰ ਲਿਆ ਸੀ, ਪਰ ਅਜੇ ਬਹੁਤ ਸਾਰੇ ਸੁਪਨੇ ਅਧੂਰੇ ਸਨ ਜਿਨ੍ਹਾਂ ਨੂੰ ਉਹ ਹੁਣ ਸਮਾਜ ਸੇਵਾ ਰਾਹੀਂ ਪੂਰਾ ਕਰਨਗੇ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ : https://livingindianews.co.in/tragic-accident-zomato-delivery-boy-dies-while-going-home-from-gurugram/
ਖ਼ਬਰਾਂ ਲਈ ਲਿਵਿੰਗ ਇੰਡੀਆ ਨਿਊਜ਼ 24/7 ਲਾਈਵ ਨਾਲ ਜੁੜੇ ਰਹੋ



