Bangladesh ‘ਚ ਇੱਕ ਹੋਰ ਹਿੰਦੂ ਦਾ ਕਤਲ: ਫੈਕਟਰੀ ਮਾਲਕ ਅਤੇ ਸੰਪਾਦਕ ਰਾਣਾ ਪ੍ਰਤਾਪ ਨੂੰ ਸਿਰੇਆਮ ਮਾਰੀ ਗੋਲੀ, ਦਹਿਸ਼ਤ ਦਾ ਮਾਹੌਲ

ਢਾਕਾ: ਬੰਗਲਾਦੇਸ਼ ਵਿੱਚ ਘੱਟਗਿਣਤੀ ਹਿੰਦੂ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਤਾਜ਼ਾ ਘਟਨਾ ਜਸ਼ੋਰ ਜ਼ਿਲ੍ਹੇ ਤੋਂ ਸਾਹਮਣੇ ਆਈ…

ਢਾਕਾ: ਬੰਗਲਾਦੇਸ਼ ਵਿੱਚ ਘੱਟਗਿਣਤੀ ਹਿੰਦੂ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਤਾਜ਼ਾ ਘਟਨਾ ਜਸ਼ੋਰ ਜ਼ਿਲ੍ਹੇ ਤੋਂ ਸਾਹਮਣੇ ਆਈ ਹੈ, ਜਿੱਥੇ ਸੋਮਵਾਰ ਸ਼ਾਮ ਨੂੰ ਇੱਕ ਹਿੰਦੂ ਫੈਕਟਰੀ ਮਾਲਕ ਅਤੇ ਅਖ਼ਬਾਰ ਦੇ ਕਾਰਜਕਾਰੀ ਸੰਪਾਦਕ ਰਾਣਾ ਪ੍ਰਤਾਪ (45) ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਖ਼ੂਨੀ ਵਾਰਦਾਤ ਤੋਂ ਬਾਅਦ ਪੂਰੇ ਇਲਾਕੇ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।

ਬਾਜ਼ਾਰ ਵਿੱਚ ਮੌਜੂਦ ਰਾਣਾ ਪ੍ਰਤਾਪ ਤੇ ਹਮਲਾਵਰਾਂ ਨੇ ਵਰ੍ਹਾਈਆਂ ਗੋਲੀਆਂ

ਜਾਣਕਾਰੀ ਅਨੁਸਾਰ ਇਹ ਘਟਨਾ ਮਨੀਰਾਮਪੁਰ ਉਪਜ਼ਿਲ੍ਹੇ ਦੇ ਕੋਪਾਲੀਆ ਬਾਜ਼ਾਰ ‘ਚ ਸ਼ਾਮ ਕਰੀਬ 5:45 ਵਜੇ ਵਾਪਰੀ। ਚਸ਼ਮਦੀਦਾਂ ਮੁਤਾਬਕ ਰਾਣਾ ਪ੍ਰਤਾਪ ਬਾਜ਼ਾਰ ਵਿੱਚ ਮੌਜੂਦ ਸਨ, ਜਦੋਂ ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ ਨੂੰ ਨਿਸ਼ਾਨਾ ਬਣਾ ਕੇ ਕਈ ਫਾਇਰ ਕੀਤੇ। ਗੋਲੀਆਂ ਲੱਗਣ ਕਾਰਨ ਰਾਣਾ ਪ੍ਰਤਾਪ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਅਧਿਕਾਰੀ ਰਾਜੀਉੱਲ੍ਹਾ ਖਾਨ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਕਰਨ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇੱਕ ਮਹੀਨੇ ਚ ਪੰਜਵੀਂ ਵੱਡੀ ਘਟਨਾ

ਰਾਣਾ ਪ੍ਰਤਾਪ ਦਾ ਕਤਲ ਬੰਗਲਾਦੇਸ਼ ਵਿੱਚ ਪਿਛਲੇ ਇੱਕ ਮਹੀਨੇ ਦੌਰਾਨ ਹਿੰਦੂ ਭਾਈਚਾਰੇ ਵਿਰੁੱਧ ਵਾਪਰੀ ਪੰਜਵੀਂ ਵੱਡੀ ਘਟਨਾ ਹੈ। ਇਸ ਤੋਂ ਪਹਿਲਾਂ ਵਾਪਰੀਆਂ ਖੌਫਨਾਕ ਘਟਨਾਵਾਂ ਨੇ ਸੁਰੱਖਿਆ ਪ੍ਰਬੰਧਾਂ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। 18 ਦਸੰਬਰ ਮੈਮਨਸਿੰਘ ਵਿੱਚ ਦੀਪੂ ਚੰਦਰ ਦਾਸ ਦਾ ਭੀੜ ਵੱਲੋਂ ਕਤਲ ਕਰ ਦਿੱਤਾ ਗਿਆ ਸੀ। 24 ਦਸੰਬਰ ਅੰਮ੍ਰਿਤ ਮੰਡਲ ‘ਤੇ ਈਸ਼ਨਿੰਦਾ ਦੇ ਦੋਸ਼ ਲਗਾ ਕੇ ਭੀੜ ਨੇ ਜਾਨ ਲਈ ਸੀ। ਮੈਮਨਸਿੰਘ ਦਾ ਬਜੇਂਦਰ ਬਿਸਵਾਸ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। 3 ਜਨਵਰੀ ਵਪਾਰੀ ਖੋਕਨ ਦਾਸ ਦੀ ਮੌਤ ਜਿਨ੍ਹਾਂ ਨੂੰ ਭੀੜ ਨੇ ਜਿਉਂਦਾ ਸਾੜ ਦਿੱਤਾ ਸੀ।

ਭਾਰਤ ਨੇ ਜਤਾਈ ਡੂੰਘੀ ਚਿੰਤਾ, 2900 ਤੋਂ ਵੱਧ ਹਮਲੇ

ਬੰਗਲਾਦੇਸ਼ ਵਿੱਚ ਹਿੰਦੂਆਂ, ਈਸਾਈਆਂ ਅਤੇ ਬੋਧੀਆਂ ‘ਤੇ ਹੋ ਰਹੇ ਲਗਾਤਾਰ ਹਮਲਿਆਂ ਨੂੰ ਲੈ ਕੇ ਭਾਰਤ ਸਰਕਾਰ ਨੇ ਸਖ਼ਤ ਚਿੰਤਾ ਜ਼ਾਹਰ ਕੀਤੀ ਹੈ। ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਹਾਲ ਹੀ ਵਿੱਚ ਦੱਸਿਆ ਸੀ ਕਿ ਮੁਹੰਮਦ ਯੂਨੁਸ ਦੀ ਅੰਤਰਿਮ ਸਰਕਾਰ ਦੇ ਕਾਰਜਕਾਲ ਦੌਰਾਨ ਘੱਟਗਿਣਤੀਆਂ ‘ਤੇ ਹਮਲੇ ਦੀਆਂ 2,900 ਤੋਂ ਵੱਧ ਘਟਨਾਵਾਂ ਸਾਹਮਣੇ ਆਈਆਂ ਹਨ। ਭਾਰਤ ਨੇ ਬੰਗਲਾਦੇਸ਼ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਦੇਸ਼ ਵਿੱਚ ਘੱਟਗਿਣਤੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਏ।

ਦੱਖਣਪੰਥੀ ਸਰਗਰਮੀਆਂ ਕਾਰਨ ਵਧਿਆ ਤਣਾਅ

ਬੰਗਲਾਦੇਸ਼ ਵਿੱਚ ਪਿਛਲੇ ਮਹੀਨੇ ਦੱਖਣਪੰਥੀ ਆਗੂ ਉਸਮਾਨ ਹਾਦੀ ਦੀ ਮੌਤ ਤੋਂ ਬਾਅਦ ਹਾਲਾਤ ਕਾਫੀ ਨਾਜ਼ੁਕ ਬਣੇ ਹੋਏ ਹਨ। ਕੱਟੜਪੰਥੀ ਤੱਤਾਂ ਦੀ ਵਧਦੀ ਸਰਗਰਮੀ ਕਾਰਨ ਹਿੰਦੂ ਵਪਾਰੀਆਂ ਅਤੇ ਪਤਵੰਤੇ ਸੱਜਣਾਂ ਨੂੰ ਲਗਾਤਾਰ ਡਰਾਇਆ-ਧਮਕਾਇਆ ਜਾ ਰਿਹਾ ਹੈ, ਜਿਸ ਕਾਰਨ ਉੱਥੇ ਰਹਿ ਰਹੇ ਹਿੰਦੂ ਪਰਿਵਾਰਾਂ ਵਿੱਚ ਭਾਰੀ ਚਿੰਤਾ ਪਾਈ ਜਾ ਰਹੀ ਹੈ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ : https://livingindianews.co.in/bathinda-police-busts-gang-involved-in-robbery-through-dating-app/

ਖ਼ਬਰਾਂ ਲਈ ਲਿਵਿੰਗ ਇੰਡੀਆ ਨਿਊਜ਼ 24/7 ਲਾਈਵ ਨਾਲ ਜੁੜੇ ਰਹੋ

Leave a Reply

Your email address will not be published. Required fields are marked *