ਅੰਮ੍ਰਿਤਸਰ : ਪੰਜਾਬ ਵਿੱਚ ਫਿਰੌਤੀਆਂ ਅਤੇ ਗੈਂਗਸਟਰਾਂ ਦਾ ਖੌਫ਼ ਲਗਾਤਾਰ ਵਧਦਾ ਜਾ ਰਿਹਾ ਹੈ। ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਅਜਨਾਲਾ ਅਧੀਨ ਆਉਂਦੇ ਪਿੰਡ ਮੁਕਾਮ ਤੋਂ ਸਾਹਮਣੇ ਆਇਆ ਹੈ, ਜਿੱਥੇ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦੇ ਯੂਥ ਜ਼ਿਲ੍ਹਾ ਪ੍ਰਧਾਨ ਜੱਸ ਸ਼ੁੱਭ ਨੇ ਇੱਕ ਸਾਬਕਾ ਅੱਤਵਾਦੀ ਵੱਲੋਂ ਜਾਨੋਂ ਮਾਰਨ ਅਤੇ ਫਿਰੌਤੀ ਮੰਗਣ ਦੇ ਗੰਭੀਰ ਦੋਸ਼ ਲਗਾਏ ਹਨ। ਪੁਲਿਸ ਦੀ ਕਾਰਵਾਈ ਤੋਂ ਅਸੰਤੁਸ਼ਟ ਈਸਾਈ ਭਾਈਚਾਰੇ ਨੇ ਹੁਣ 3 ਫਰਵਰੀ ਨੂੰ ਅੰਮ੍ਰਿਤਸਰ ਏਅਰਪੋਰਟ ਰੋਡ ਜਾਮ ਕਰਨ ਦਾ ਵੱਡਾ ਐਲਾਨ ਕਰ ਦਿੱਤਾ ਹੈ।
“ਜਾਂ ਪਰਚੇ ਰੱਦ ਕਰਵਾਓ, ਜਾਂ 20 ਲੱਖ ਦਿਓ”
ਪ੍ਰਧਾਨ ਜੱਸ ਸ਼ੁੱਭ ਨੇ ਦੱਸਿਆ ਕਿ ਈਸਾਈ ਭਾਈਚਾਰੇ ਵਿਰੁੱਧ ਇਤਰਾਜ਼ਯੋਗ ਟਿੱਪਣੀਆਂ ਕਰਨ ਵਾਲਿਆਂ ਖ਼ਿਲਾਫ਼ ਉਨ੍ਹਾਂ ਨੇ 2024 ਵਿੱਚ ਕਈ ਮੁਕੱਦਮੇ ਦਰਜ ਕਰਵਾਏ ਸਨ। ਹੁਣ ਧਮਕੀਆਂ ਦੇਣ ਵਾਲੇ ਅਨਸਰ ਉਨ੍ਹਾਂ ‘ਤੇ ਦਬਾਅ ਪਾ ਰਹੇ ਹਨ ਕਿ ਜਾਂ ਤਾਂ ਇਹ ਪਰਚੇ ਵਾਪਸ ਲਏ ਜਾਣ ਜਾਂ ਫਿਰ 20 ਲੱਖ ਰੁਪਏ ਦੀ ਫਿਰੌਤੀ ਦਿੱਤੀ ਜਾਵੇ। ਉਨ੍ਹਾਂ ਦੋਸ਼ ਲਾਇਆ ਕਿ ਫਿਰੌਤੀ ਨਾ ਦੇਣ ਦੀ ਸੂਰਤ ਵਿੱਚ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਖ਼ਤਮ ਕਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ।
ਪੁਲਿਸ ਦੀ ਕਾਰਜਪ੍ਰਣਾਲੀ ‘ਤੇ ਚੁੱਕੇ ਸਵਾਲ
ਈਸਾਈ ਆਗੂ ਨੇ ਪੁਲਿਸ ਪ੍ਰਸ਼ਾਸਨ ‘ਤੇ ਲਾਪਰਵਾਹੀ ਦੇ ਦੋਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ ਨੇ ਦੋਸ਼ੀਆਂ ਦੀਆਂ ਫੋਟੋਆਂ, ਆਡੀਓ ਰਿਕਾਰਡਿੰਗਾਂ ਅਤੇ ਮੋਬਾਈਲ ਨੰਬਰ ਉੱਚ ਅਧਿਕਾਰੀਆਂ ਨੂੰ ਸੌਂਪ ਦਿੱਤੇ ਹਨ, ਪਰ ਇਸ ਦੇ ਬਾਵਜੂਦ ਅਜੇ ਤੱਕ ਕੋਈ ਠੋਸ ਕਾਰਵਾਈ ਨਹੀਂ ਹੋਈ। ਜੱਸ ਸ਼ੁੱਭ ਨੇ ਚਿਤਾਵਨੀ ਦਿੱਤੀ, “ਜੇਕਰ ਮੇਰੇ ਜਾਂ ਮੇਰੇ ਪਰਿਵਾਰ ਦਾ ਕੋਈ ਜਾਨੀ-ਮਾਲੀ ਨੁਕਸਾਨ ਹੁੰਦਾ ਹੈ, ਤਾਂ ਉਸ ਦੀ ਸਿੱਧੀ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ।”
3 ਫਰਵਰੀ ਨੂੰ ਵੱਡੇ ਸੰਘਰਸ਼ ਦੀ ਤਿਆਰੀ
ਪੁਲਿਸ ਦੇ ਢਿੱਲੇ ਰਵੱਈਏ ਵਿਰੁੱਧ ਰੋਸ ਜ਼ਾਹਰ ਕਰਦਿਆਂ ਈਸਾਈ ਆਗੂਆਂ ਨੇ ਐਲਾਨ ਕੀਤਾ ਹੈ ਕਿ ਆਉਣ ਵਾਲੀ 3 ਫਰਵਰੀ ਨੂੰ ਅੰਮ੍ਰਿਤਸਰ ਦੇ ਏਅਰਪੋਰਟ ਰੋਡ ‘ਤੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਚੱਕਾ ਜਾਮ ਕੀਤਾ ਜਾਵੇਗਾ। ਉਨ੍ਹਾਂ ਦੀਆਂ ਮੁੱਖ ਮੰਗਾਂ ਹਨ:
- ਧਮਕੀਆਂ ਦੇਣ ਵਾਲੇ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ।
- ਪੀੜਤ ਆਗੂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਲੋੜੀਂਦੀ ਸੁਰੱਖਿਆ ਮੁਹੱਈਆ ਕਰਵਾਈ ਜਾਵੇ।



