ਸੰਗਰੂਰ : ਪੰਜਾਬ ਦੀ ਧਰਤੀ ਹਮੇਸ਼ਾ ਹੀ ਆਪਸੀ ਸਾਂਝ ਅਤੇ ਧਾਰਮਿਕ ਸਹਿਣਸ਼ੀਲਤਾ ਦਾ ਗੜ੍ਹ ਰਹੀ ਹੈ। ਇਸ ਦੀ ਇੱਕ ਤਾਜ਼ਾ ਅਤੇ ਬੇਹੱਦ ਸੁੰਦਰ ਮਿਸਾਲ ਜ਼ਿਲ੍ਹਾ ਸੰਗਰੂਰ ਦੇ ਪਿੰਡ ਪੁੰਨਾਵਾਲ ਤੋਂ ਸਾਹਮਣੇ ਆਈ ਹੈ, ਜਿੱਥੇ ਇੱਕ ਹਿੰਦੂ ਪੰਡਿਤ ਪਰਿਵਾਰ ਨੇ ਮਨੁੱਖਤਾ ਨੂੰ ਧਰਮ ਤੋਂ ਉੱਪਰ ਰੱਖਦਿਆਂ ਮੁਸਲਿਮ ਭਾਈਚਾਰੇ ਲਈ ਮਸਜਿਦ ਬਣਾਉਣ ਵਾਸਤੇ ਆਪਣੀ ਪੰਜ ਵਿਸਵੇ ਜ਼ਮੀਨ ਦਾਨ ਕਰ ਦਿੱਤੀ ਹੈ।
ਮੁਸਲਿਮ ਭਰਾਵਾਂ ਦੀ ਮੁਸ਼ਕਲ ਦੇਖ ਲਿਆ ਇਤਿਹਾਸਕ ਫੈਸਲਾ
ਪਿੰਡ ਦੇ ਨਿਵਾਸੀ ਅਸ਼ਵਨੀ ਸ਼ਰਮਾ ਨੇ ਦੱਸਿਆ ਕਿ ਉਹਨਾਂ ਦਾ ਪਰਿਵਾਰ ਲੰਮੇ ਸਮੇਂ ਤੋਂ ਪਸ਼ੂਆਂ ਦੇ ਵਪਾਰ ਨਾਲ ਜੁੜਿਆ ਹੋਇਆ ਹੈ, ਜਿੱਥੇ ਮੁਸਲਿਮ ਭਾਈਚਾਰੇ ਦੇ ਲੋਕ ਉਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦੇ ਹਨ। ਗੱਲਬਾਤ ਦੌਰਾਨ ਇਹ ਸਾਹਮਣੇ ਆਇਆ ਕਿ ਪਿੰਡ ਦੇ 15-16 ਮੁਸਲਿਮ ਪਰਿਵਾਰਾਂ ਨੂੰ ਨਮਾਜ਼ ਅਦਾ ਕਰਨ ਲਈ ਨੇੜਲੇ ਪਿੰਡ ਕਾਂਝਲੇ ਜਾਣਾ ਪੈਂਦਾ ਸੀ। ਇਸ ਦਿੱਕਤ ਨੂੰ ਮਹਿਸੂਸ ਕਰਦਿਆਂ ਅਸ਼ਵਨੀ ਸ਼ਰਮਾ ਨੇ ਆਪਣੇ ਪਿਤਾ ਅਤੇ ਤਾਇਆ ਜੀ ਨਾਲ ਸਲਾਹ ਕੀਤੀ ਅਤੇ ਪਰਿਵਾਰ ਨੇ ਆਪਸੀ ਸਹਿਮਤੀ ਨਾਲ ਆਪਣੇ ਦਾਦਿਆਂ ਦੀ ਖਰੀਦੀ ਹੋਈ ਪੰਜ ਵਿਸਵੇ ਜ਼ਮੀਨ ਮਸਜਿਦ ਲਈ ਦੇਣ ਦਾ ਐਲਾਨ ਕਰ ਦਿੱਤਾ।
ਘਰ ਦੇ ਨਾਲ ਲੱਗਦੀ ਹੈ ਮਸਜਿਦ, ਪਰਿਵਾਰ ਨੂੰ ਹੈ ਮਾਣ
ਖ਼ਾਸ ਗੱਲ ਇਹ ਹੈ ਕਿ ਇਹ ਮਸਜਿਦ ਅਸ਼ਵਨੀ ਸ਼ਰਮਾ ਦੇ ਘਰ ਦੇ ਬਿਲਕੁਲ ਨਾਲ ਬਣੀ ਹੋਈ ਹੈ। ਅਸ਼ਵਨੀ ਦਾ ਕਹਿਣਾ ਹੈ ਕਿ ਜਿਵੇਂ ਗੁਰਦੁਆਰੇ ਅਤੇ ਮੰਦਰਾਂ ਵਿੱਚ ਪ੍ਰਮਾਤਮਾ ਦਾ ਨਾਮ ਲਿਆ ਜਾਂਦਾ ਹੈ, ਉਵੇਂ ਹੀ ਮਸਜਿਦ ਵਿੱਚ ਨਮਾਜ਼ ਹੋਣੀ ਚਾਹੀਦੀ ਹੈ। ਉਹਨਾਂ ਨੂੰ ਇਸ ਗੱਲ ਦੀ ਦਿਲੀ ਖੁਸ਼ੀ ਹੈ ਕਿ ਉਹਨਾਂ ਦੇ ਘਰ ਦੇ ਕੋਲ ਇੱਕ ਧਾਰਮਿਕ ਸਥਾਨ ਬਣਿਆ ਹੈ, ਜਿਸ ਨਾਲ ਪਿੰਡ ਦੀ ਸਾਂਝ ਹੋਰ ਗੂੜ੍ਹੀ ਹੋਈ ਹੈ।
ਲੱਖਾਂ ਦੀ ਜ਼ਮੀਨ ਦਾਨ ਕਰ ਕੇ ਕਾਇਮ ਕੀਤੀ ਮਿਸਾਲ
ਪਿੰਡ ਦੇ ਸਰਪੰਚ ਗੋਬਿੰਦਰ ਸਿੰਘ ਮੁਤਾਬਕ ਇਸ ਜ਼ਮੀਨ ਦੀ ਮਾਰਕੀਟ ਕੀਮਤ ਲਗਭਗ 7 ਤੋਂ 8 ਲੱਖ ਰੁਪਏ ਹੈ। ਪਿੰਡ ਵਿੱਚ ਪਹਿਲਾਂ ਗੁਰਦੁਆਰਾ ਸਾਹਿਬ ਅਤੇ ਡੇਰੇ ਮੌਜੂਦ ਸਨ, ਪਰ ਮੁਸਲਿਮ ਭਾਈਚਾਰੇ ਕੋਲ ਇਬਾਦਤ ਲਈ ਕੋਈ ਥਾਂ ਨਹੀਂ ਸੀ। ਮੁਸਲਿਮ ਭਾਈਚਾਰੇ ਦੇ ਸੁਖਮੀਤ ਸ਼ਾਹ ਅਤੇ ਗੁਲਜਾਰ ਮੁਹੰਮਦ ਨੇ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਹੁਣ ਉਹਨਾਂ ਦੇ ਬੱਚੇ ਅਤੇ ਨੌਜਵਾਨ ਆਪਣੇ ਹੀ ਪਿੰਡ ਵਿੱਚ ਨਮਾਜ਼ ਅਦਾ ਕਰ ਰਹੇ ਹਨ, ਜਿਸ ਨਾਲ ਪਿੰਡ ਵਿੱਚ ਨੈਤਿਕ ਅਤੇ ਧਾਰਮਿਕ ਚੇਤਨਾ ਵਧੀ ਹੈ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਪਟਨਾ ਸਿਵਲ ਕੋਰਟ ‘ਚ ਬੰਬ ਦੀ ਦਹਿਸ਼ਤ: ਰਾਤ 1 ਵਜੇ ਆਈ ਈ-ਮੇਲ ‘ਚ RDX ਹੋਣ ਦਾ ਦਾਅਵਾ, ਪੂਰੀ ਇਮਾਰਤ ਕਰਵਾਈ ਗਈ ਖਾਲੀ



