ਅੰਮ੍ਰਿਤਸਰ: ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਹੁਣ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਅਤੇ ਮੁਸਾਫ਼ਰਾਂ ਦਾ ਸਵਾਗਤ ਇੱਕ ਨਵੇਂ ਅਤੇ ਭਵ ਰੂਪ ਵਿੱਚ ਕਰ ਰਿਹਾ ਹੈ। ਹਵਾਈ ਅੱਡੇ ਦੇ ਸੁੰਦਰੀਕਰਨ ਦੇ ਪਹਿਲੇ ਪੜਾਅ ਤਹਿਤ ਅੰਮ੍ਰਿਤਸਰ ਦੀ ਅਮੀਰ ਵਿਰਾਸਤ ਅਤੇ ਧਾਰਮਿਕ ਆਸਥਾ ਨੂੰ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਉਭਾਰਿਆ ਗਿਆ ਹੈ।
ਦੀਵਾਰਾਂ ‘ਤੇ ਉੱਕਰੀ ਪੰਜਾਬ ਦੀ ਵਿਰਾਸਤ
ਹਵਾਈ ਅੱਡੇ ਦੇ ਡਾਇਰੈਕਟਰ ਮਹਿੰਦਰ ਸਿੰਘ ਨੇ ਦੱਸਿਆ ਕਿ ਜੀ-20 ਸੰਮੇਲਨ ਦੌਰਾਨ ਸ਼ੁਰੂ ਹੋਈ ਚਿੱਤਰਕਾਰੀ ਦੀ ਮੁਹਿੰਮ ਨੂੰ ਹੁਣ ਅਥਾਰਟੀ ਵੱਲੋਂ ਵੱਡੇ ਪੱਧਰ ‘ਤੇ ਅੱਗੇ ਵਧਾਇਆ ਗਿਆ ਹੈ। ਪਹਿਲੇ ਪੜਾਅ ਵਿੱਚ ਕਾਰ ਪਾਰਕਿੰਗ ਦੇ ਸਾਹਮਣੇ ਵਾਲੀ ਦੀਵਾਰ ਨੂੰ ਰੰਗ-ਬਰੰਗੀਆਂ ਅਤੇ ਕਲਾਤਮਕ ਵਿਰਾਸਤੀ ਇਮਾਰਤਾਂ ਦੀਆਂ ਤਸਵੀਰਾਂ ਨਾਲ ਸਜਾਇਆ ਗਿਆ ਹੈ। ਇਹ ਕਲਾਕ੍ਰਿਤੀਆਂ ਹਵਾਈ ਅੱਡੇ ‘ਤੇ ਉਤਰਨ ਵਾਲੇ ਯਾਤਰੀਆਂ ਲਈ ਖਿੱਚ ਦਾ ਮੁੱਖ ਕੇਂਦਰ ਬਣ ਰਹੀਆਂ ਹਨ।
ਸੁੰਦਰੀਕਰਨ ਦੇ ਦੂਜੇ ਪੜਾਅ ਬਾਰੇ ਜਾਣਕਾਰੀ ਦਿੰਦਿਆਂ ਡਾਇਰੈਕਟਰ ਨੇ ਦੱਸਿਆ ਕਿ ਅਰਾਈਵਲ ਗੇਟ ਨੰਬਰ 6 ਦੇ ਸਾਹਮਣੇ ਦੋ ਆਧੁਨਿਕ ਪਾਰਕ ਵਿਕਸਿਤ ਕੀਤੇ ਜਾ ਰਹੇ ਹਨ। ਇਨ੍ਹਾਂ ਪਾਰਕਾਂ ਵਿੱਚ ਸਿੱਖੀ ਦੀ ਸ਼ਾਨ ਦੇ ਪ੍ਰਤੀਕ ‘ਖਾਲਸਾ ਨਿਸ਼ਾਨ’ ਸਥਾਪਿਤ ਕੀਤੇ ਗਏ ਹਨ। ਰੰਗ-ਬਰੰਗੇ ਫੁੱਲਾਂ ਅਤੇ ਪੌਦਿਆਂ ਨਾਲ ਇਸ ਇਲਾਕੇ ਨੂੰ ਹੋਰ ਵੀ ਮਨਮੋਹਕ ਬਣਾਇਆ ਜਾ ਰਿਹਾ ਹੈ। ਯਾਤਰੀਆਂ ਦੀਆਂ ਯਾਦਾਂ ਨੂੰ ਸਾਂਭਣ ਲਈ ਇੱਥੇ ਵਿਸ਼ੇਸ਼ ਸੈਲਫੀ ਪੁਆਇੰਟ ਵੀ ਤਿਆਰ ਕੀਤੇ ਗਏ ਹਨ।
ਰੂਹਾਨੀਅਤ ਦਾ ਅਨੁਭਵ
ਹਵਾਈ ਅੱਡੇ ਦੇ ਅੰਦਰਲੇ ਹਿੱਸੇ ਵਿੱਚ ਵੀ ਧਾਰਮਿਕ ਆਸਥਾ ਨੂੰ ਮੁੱਖ ਰੱਖਿਆ ਗਿਆ ਹੈ। ਵੇਟਿੰਗ ਹਾਲ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਇੱਕ ਬੇਹੱਦ ਸੁੰਦਰ ਮਾਡਲ ਸੁਸ਼ੋਭਿਤ ਕੀਤਾ ਗਿਆ ਹੈ। ਖਾਸ ਗੱਲ ਇਹ ਹੈ ਕਿ ਇੱਥੇ ਹਰ ਵੇਲੇ ਪਵਿੱਤਰ ਗੁਰਬਾਣੀ ਦਾ ਪ੍ਰਸਾਰਣ ਹੁੰਦਾ ਰਹਿੰਦਾ ਹੈ, ਜਿਸ ਨਾਲ ਹਵਾਈ ਅੱਡੇ ਦਾ ਵਾਤਾਵਰਣ ਪੂਰੀ ਤਰ੍ਹਾਂ ਅਧਿਆਤਮਿਕ ਅਤੇ ਸ਼ਾਂਤਮਈ ਬਣ ਜਾਂਦਾ ਹੈ।



