ਬਰਨਾਲਾ: ਸ਼ਹਿਰ ਦੇ ਨਵੀਵਾਲਾ ਰੋਡ ‘ਤੇ ਸਥਿਤ ਇੱਕ ਦਵਾਈ ਬਣਾਉਣ ਵਾਲੀ ਫੈਕਟਰੀ, ਜੋ ਪਿਛਲੇ ਦੋ ਸਾਲਾਂ ਤੋਂ ਪ੍ਰਸ਼ਾਸਨ ਵੱਲੋਂ ਸੀਲ ਕੀਤੀ ਗਈ ਸੀ, ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਜਾਣਕਾਰੀ ਮੁਤਾਬਕ ਫੈਕਟਰੀ ਦੇ ਬਾਹਰ ਬਰਾਮਦੇ ਵਿੱਚ ਪਏ ਭਾਰੀ ਮਾਤਰਾ ਵਿੱਚ ਕੱਚੇ ਮਾਲ ਅਤੇ ਐਕਸਪਾਇਰ ਦਵਾਈਆਂ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ, ਪੁਲਿਸ ਅਤੇ ਡਰੱਗ ਵਿਭਾਗ ਦੀਆਂ ਟੀਮਾਂ ਮੌਕੇ ‘ਤੇ ਪਹੁੰਚੀਆਂ।
2 ਸਾਲ ਪਹਿਲਾਂ ਰੱਦ ਹੋਇਆ ਸੀ ਲਾਇਸੰਸ
ਜ਼ਿਕਰਯੋਗ ਹੈ ਕਿ ਇਸ ਫੈਕਟਰੀ ‘ਤੇ ਦੋ ਸਾਲ ਪਹਿਲਾਂ ਪੁਲਿਸ ਅਤੇ ਡਰੱਗ ਵਿਭਾਗ ਵੱਲੋਂ ਸਾਂਝੇ ਤੌਰ ‘ਤੇ ਛਾਪੇਮਾਰੀ ਕੀਤੀ ਗਈ ਸੀ। ਉਸ ਸਮੇਂ ਵੱਡੀ ਮਾਤਰਾ ਵਿੱਚ ਸ਼ੱਕੀ ਦਵਾਈਆਂ ਬਰਾਮਦ ਹੋਣ ਤੋਂ ਬਾਅਦ ਫੈਕਟਰੀ ਦੇ ਮਾਲਕਾਂ ‘ਤੇ ਐਫ.ਆਈ.ਆਰ. (FIR) ਦਰਜ ਕੀਤੀ ਗਈ ਸੀ ਅਤੇ ਵਿਭਾਗ ਨੇ ਫੈਕਟਰੀ ਦਾ ਲਾਇਸੰਸ ਵੀ ਰੱਦ ਕਰ ਦਿੱਤਾ ਸੀ। ਤਾਜ਼ਾ ਘਟਨਾ ਤੋਂ ਬਾਅਦ ਹੁਣ ਫਿਰ ਇਸ ਫੈਕਟਰੀ ਦੀ ਕਾਰਜਪ੍ਰਣਾਲੀ ‘ਤੇ ਸਵਾਲ ਖੜ੍ਹੇ ਹੋ ਰਹੇ ਹਨ।
ਅੱਗ ਵਿੱਚ ਸੜ ਕੇ ਸੁਆਹ ਹੋਏ ਕੈਪਸੂਲ ਤੇ ਇੰਜੈਕਸ਼ਨ
ਡੀ.ਸੀ.ਓ. ਬਰਨਾਲਾ ਗੁੰਦੀਪ ਬਾਂਸਲ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ‘ਤੇ ਜ਼ੈੱਡ.ਐੱਲ.ਏ. ਸੰਗਰੂਰ ਅਮਨਦੀਪ ਵਰਮਾ ਦੀ ਅਗਵਾਈ ਵਿੱਚ ਟੀਮ ਨੇ ਮੌਕੇ ਦਾ ਜਾਇਜ਼ਾ ਲਿਆ ਹੈ। ਉਨ੍ਹਾਂ ਦੱਸਿਆ ਕਿ ਅੱਗ ਬਰਾਮਦੇ ਵਿੱਚ ਰੱਖੇ ਉਸ ਮਾਲ ਨੂੰ ਲੱਗੀ ਹੈ ਜੋ ਸ਼ਾਇਦ ਡਿਸਪੋਜ਼ਲ (ਨਸ਼ਟ ਕਰਨ) ਲਈ ਰੱਖਿਆ ਗਿਆ ਸੀ। ਅੱਗ ਇੰਨੀ ਭਿਆਨਕ ਸੀ ਕਿ ਦਵਾਈਆਂ ਦੀ ਪਛਾਣ ਕਰਨਾ ਮੁਸ਼ਕਿਲ ਹੋ ਰਿਹਾ ਹੈ, ਪਰ ਮੁੱਢਲੀ ਜਾਂਚ ਵਿੱਚ ਇਹ ਕੈਪਸੂਲ ਅਤੇ ਇੰਜੈਕਸ਼ਨ ਲੱਗ ਰਹੇ ਹਨ। ਜ਼ਮੀਨ ਦੇ ਮਾਲਕ ਦਿਨੇਸ਼ ਬਾਂਸਲ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜੀ ਜਾ ਰਹੀ ਹੈ।
ਪੁਲਿਸ ਅਤੇ ਫਾਇਰ ਵਿਭਾਗ ਦੀ ਕਾਰਵਾਈ
ਡੀ.ਐਸ.ਪੀ. ਸਿਟੀ ਸਤਬੀਰ ਸਿੰਘ ਬੈਂਸ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਐਸ.ਐਚ.ਓ. ਸਿਟੀ-1 ਲਖਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਮੌਕੇ ‘ਤੇ ਪਹੁੰਚੀ ਸੀ। ਉਨ੍ਹਾਂ ਕਿਹਾ ਕਿ ਜੇਕਰ ਡਰੱਗ ਇੰਸਪੈਕਟਰ ਵੱਲੋਂ ਕਿਸੇ ਵੀ ਤਰ੍ਹਾਂ ਦੀ ਅਪਰਾਧਿਕ ਗਤੀਵਿਧੀ ਦੀ ਲਿਖਤੀ ਸ਼ਿਕਾਇਤ ਮਿਲਦੀ ਹੈ, ਤਾਂ ਪੁਲਿਸ ਸਖ਼ਤ ਕਾਨੂੰਨੀ ਕਾਰਵਾਈ ਕਰੇਗੀ। ਦੂਜੇ ਪਾਸੇ, ਫਾਇਰ ਅਫ਼ਸਰ ਜਸਪ੍ਰੀਤ ਸਿੰਘ ਬਾਠ ਨੇ ਪੁਸ਼ਟੀ ਕੀਤੀ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਹੈ, ਜਿਸ ਕਾਰਨ ਕੋਈ ਜਾਨੀ ਨੁਕਸਾਨ ਹੋਣੋਂ ਬਚ ਗਿਆ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ : https://livingindianews.co.in/strict-warning-for-indian-students-studying-in-america-breaking-rules-may-lead-to-deportation/
ਖ਼ਬਰਾਂ ਲਈ ਲਿਵਿੰਗ ਇੰਡੀਆ ਨਿਊਜ਼ 24/7 ਲਾਈਵ ਨਾਲ ਜੁੜੇ ਰਹੋ



