ਮੋਗਾ: ਬੇਸਹਾਰਾ ਪਸ਼ੂਆਂ ਦੀ ਸਾਂਭ-ਸੰਭਾਲ ਅਤੇ ਸ਼ਹਿਰ ਵਾਸੀਆਂ ਨੂੰ ਆਵਾਰਾ ਪਸ਼ੂਆਂ ਦੀ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਮੋਗਾ ਪ੍ਰਸ਼ਾਸਨ ਅਤੇ ਵਿਧਾਇਕਾ ਵੱਲੋਂ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਅੱਜ ਚੜਿੱਕ ਰੋਡ ‘ਤੇ ਸਥਿਤ ਸਰਕਾਰੀ ਗੋਬਿੰਦ ਗਊਸ਼ਾਲਾ ਵਿਖੇ 50 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਨਵੇਂ ਸ਼ੈੱਡ ਦਾ ਨੀਂਹ ਪੱਥਰ ਰੱਖਿਆ ਗਿਆ। ਇਹ ਉਦਘਾਟਨ ਹਲਕਾ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਵੱਲੋਂ ਨਗਰ ਨਿਗਮ ਦੇ ਮੇਅਰ ਅਤੇ ਕੌਂਸਲਰਾਂ ਦੀ ਮੌਜੂਦਗੀ ਵਿੱਚ ਕੀਤਾ ਗਿਆ।
ਗਊਆਂ ਦੀ ਰਿਹਾਇਸ਼ੀ ਸਮੱਸਿਆ ਦਾ ਹੋਵੇਗਾ ਹੱਲ
ਗਊਸ਼ਾਲਾ ਦੇ ਸੇਵਾਦਾਰਾਂ ਨੇ ਦੱਸਿਆ ਕਿ ਇਸ ਸਰਕਾਰੀ ਗਊਸ਼ਾਲਾ ਵਿੱਚ ਇਸ ਸਮੇਂ 650 ਤੋਂ 700 ਦੇ ਕਰੀਬ ਗਊਆਂ ਦੀ ਦੇਖਭਾਲ ਕੀਤੀ ਜਾ ਰਹੀ ਹੈ। ਜਗ੍ਹਾ ਦੀ ਘਾਟ ਕਾਰਨ ਗਊਆਂ ਨੂੰ ਰੱਖਣ ਵਿੱਚ ਕਾਫੀ ਦਿੱਕਤਾਂ ਆ ਰਹੀਆਂ ਸਨ। ਇਸ ਸਬੰਧੀ ਜਦੋਂ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਅਤੇ ਮੇਅਰ ਪ੍ਰਵੀਨ ਕੁਮਾਰ ਨੂੰ ਜਾਣੂ ਕਰਵਾਇਆ ਗਿਆ, ਤਾਂ ਉਨ੍ਹਾਂ ਨੇ ਤੁਰੰਤ ਕਾਰਵਾਈ ਕਰਦਿਆਂ ਗਊਸ਼ਾਲਾ ਲਈ ਇੱਕ ਏਕੜ ਵਾਧੂ ਜ਼ਮੀਨ ਮੁਹੱਈਆ ਕਰਵਾਈ ਅਤੇ ਹੁਣ ਉੱਥੇ 50 ਲੱਖ ਰੁਪਏ ਖਰਚ ਕੇ ਆਧੁਨਿਕ ਸ਼ੈੱਡ ਤਿਆਰ ਕਰਵਾਇਆ ਜਾ ਰਿਹਾ ਹੈ।
ਆਵਾਰਾ ਕੁੱਤਿਆਂ ਲਈ ਬਣੇਗਾ ‘ਡੌਗ ਸ਼ੈਲਟਰ‘
ਇਸ ਮੌਕੇ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਸ਼ਹਿਰ ਵਾਸੀਆਂ ਲਈ ਇੱਕ ਹੋਰ ਵੱਡਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਗਊਆਂ ਦੀ ਸੰਭਾਲ ਤੋਂ ਬਾਅਦ ਹੁਣ ਜਲਦੀ ਹੀ ਆਵਾਰਾ ਕੁੱਤਿਆਂ ਦੀ ਸਮੱਸਿਆ ਨੂੰ ਹੱਲ ਕਰਨ ਲਈ ਇੱਕ ਵਿਸ਼ੇਸ਼ ‘ਡੌਗ ਸ਼ੈਲਟਰ’ (Dog Shelter) ਬਣਾਇਆ ਜਾਵੇਗਾ। ਇਸ ਨਾਲ ਸੜਕਾਂ ‘ਤੇ ਘੁੰਮਦੇ ਆਵਾਰਾ ਕੁੱਤਿਆਂ ਨੂੰ ਸੁਰੱਖਿਅਤ ਥਾਂ ਮਿਲੇਗੀ ਅਤੇ ਆਮ ਲੋਕਾਂ ਨੂੰ ਵੀ ਵੱਡੀ ਰਾਹਤ ਮਿਲੇਗੀ।
ਲੋਕਾਂ ਨੂੰ ਵਿਸ਼ੇਸ਼ ਅਪੀਲ
ਵਿਧਾਇਕਾ ਨੇ ਪਸ਼ੂ ਪਾਲਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਦੁੱਧ ਦੇਣ ਵਾਲੇ ਪਸ਼ੂਆਂ ਨੂੰ ਸੜਕਾਂ ‘ਤੇ ਨਾ ਛੱਡਣ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਸੜਕੀ ਹਾਦਸਿਆਂ ਦਾ ਖ਼ਤਰਾ ਵੱਧ ਜਾਂਦਾ ਹੈ। ਜੇਕਰ ਕੋਈ ਪਸ਼ੂ ਬੇਸਹਾਰਾ ਹੈ, ਤਾਂ ਉਸ ਨੂੰ ਗਊਸ਼ਾਲਾ ਪਹੁੰਚਾਇਆ ਜਾਵੇ ਤਾਂ ਜੋ ਉਸ ਦੀ ਸਹੀ ਢੰਗ ਨਾਲ ਸੇਵਾ ਅਤੇ ਸੰਭਾਲ ਹੋ ਸਕੇ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਅਬੋਹਰ ਦੇ ਹੋਟਲ ‘ਚ ਭਿਆਨਕ ਖੇਡ: ਪ੍ਰੇਮੀ ਨੇ 17 ਸਾਲਾ ਕੁੜੀ ਦਾ ਗਲਾ ਵੱਢ ਕੇ ਕੀਤਾ ਕਤਲ, ਅਰਧ-ਨਗਨ ਹਾਲਤ ‘ਚ ਮਿਲੀ ਲਾਸ਼
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



