ਮੁੰਬਈ : ਭਾਰਤ ਅਤੇ ਫਰਾਂਸ ਨੇ ਆਪਣੇ ਦੁਵੱਲੇ ਸਬੰਧਾਂ ਨੂੰ ਇੱਕ ਨਵੀਂ ਇਤਿਹਾਸਕ ਉਚਾਈ ‘ਤੇ ਪਹੁੰਚਾਉਂਦਿਆਂ ਆਪਣੀ ਦੋਸਤੀ ਨੂੰ ‘ਵਿਸ਼ੇਸ਼ ਵਿਸ਼ਵ ਰਣਨੀਤਕ ਭਾਈਵਾਲੀ’ ਵਿੱਚ ਬਦਲ ਦਿੱਤਾ ਹੈ। ਮੁੰਬਈ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਫਰਾਂਸੀਸੀ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਵਿਚਕਾਰ ਹੋਈ ਉੱਚ ਪੱਧਰੀ ਬੈਠਕ ਦੌਰਾਨ ਰੱਖਿਆ, ਤਕਨਾਲੋਜੀ, ਸਿਹਤ ਅਤੇ ਸਿੱਖਿਆ ਵਰਗੇ ਅਹਿਮ ਖੇਤਰਾਂ ਵਿੱਚ ਵੱਡੇ ਫੈਸਲੇ ਲਏ ਗਏ।
ਰੱਖਿਆ ਖੇਤਰ ‘ਚ ਇਤਿਹਾਸਕ ਪਹਿਲ
ਰਾਸ਼ਟਰਪਤੀ ਮੈਕਰੋਨ ਦੇ ਇਸ ਦੌਰੇ ਦਾ ਸਭ ਤੋਂ ਅਹਿਮ ਪਹਿਲੂ ਰੱਖਿਆ ਖੇਤਰ ਰਿਹਾ। ਕਰਨਾਟਕ ਦੇ ਵੇਮਾਗਲ ਵਿੱਚ ‘H125 ਹੈਲੀਕਾਪਟਰ ਫਾਈਨਲ ਅਸੈਂਬਲੀ ਲਾਈਨ’ ਦਾ ਉਦਘਾਟਨ ਕੀਤਾ ਗਿਆ। ਇਹ ਭਾਰਤ ਦੀ ਨਿੱਜੀ ਖੇਤਰ ਦੀ ਪਹਿਲੀ ਹੈਲੀਕਾਪਟਰ ਫੈਕਟਰੀ ਹੋਵੇਗੀ, ਜਿਸ ਨੂੰ ਟਾਟਾ ਅਤੇ ਏਅਰਬੱਸ ਮਿਲ ਕੇ ਚਲਾਉਣਗੇ। ਪੀਐਮ ਮੋਦੀ ਨੇ ਉਮੀਦ ਜਤਾਈ ਕਿ ਇਹ ਸਾਂਝ ਭਵਿੱਖ ਵਿੱਚ ਅਜਿਹੇ ਹੈਲੀਕਾਪਟਰ ਤਿਆਰ ਕਰੇਗੀ ਜੋ ਮਾਊਂਟ ਐਵਰੈਸਟ ਵਰਗੀਆਂ ਉਚਾਈਆਂ ਤੱਕ ਉੱਡ ਸਕਣਗੇ। ਇਸ ਤੋਂ ਇਲਾਵਾ, ਭਾਰਤ ਵਿੱਚ ‘ਹੈਮਰ ਮਿਜ਼ਾਈਲ’ ਬਣਾਉਣ ਲਈ BEL ਅਤੇ ਫਰਾਂਸ ਦੀ ਸਫਰਾਨ ਕੰਪਨੀ ਵਿਚਾਲੇ ਵੀ ਸਹਿਮਤੀ ਬਣੀ ਹੈ।
ਆਰਥਿਕ ਸਬੰਧਾਂ ਤੇ ਵਪਾਰ ਨੂੰ ਮਿਲੇਗੀ ਨਵੀਂ ਰਫ਼ਤਾਰ
ਦੋਵਾਂ ਦੇਸ਼ਾਂ ਨੇ ਆਰਥਿਕ ਮੋਰਚੇ ‘ਤੇ ‘ਡਬਲ ਟੈਕਸ ਅਵੋਇਡੈਂਸ ਐਗਰੀਮੈਂਟ’ (DTAA) ਦੇ ਨਿਯਮਾਂ ਵਿੱਚ ਸੋਧ ਕਰਨ ਦਾ ਫੈਸਲਾ ਕੀਤਾ ਹੈ, ਜਿਸ ਨਾਲ ਨਿਵੇਸ਼ਕਾਂ ਨੂੰ ਵੱਡੀ ਰਾਹਤ ਮਿਲੇਗੀ। ਇਸ ਦੇ ਨਾਲ ਹੀ ‘ਹੋਰੀਜ਼ਨ 2047’ ਰੋਡਮੈਪ ਦੀ ਪ੍ਰਗਤੀ ਦੀ ਨਿਗਰਾਨੀ ਲਈ ਹਰ ਸਾਲ ਵਿਦੇਸ਼ ਮੰਤਰੀ ਪੱਧਰ ਦੀ ਗੱਲਬਾਤ ਕਰਨ ਦਾ ਫੈਸਲਾ ਵੀ ਲਿਆ ਗਿਆ। ਖਣਿਜਾਂ ਅਤੇ ਧਾਤਾਂ ਦੀ ਸਪਲਾਈ ਚੇਨ ਨੂੰ ਮਜ਼ਬੂਤ ਕਰਨ ਲਈ ਵੀ ਇੱਕ ਸਾਂਝੇ ਘੋਸ਼ਣਾ ਪੱਤਰ ‘ਤੇ ਦਸਤਖਤ ਕੀਤੇ ਗਏ ਹਨ।
ਤਕਨਾਲੋਜੀ ਅਤੇ ਸਿਹਤ ਖੇਤਰ ਵਿੱਚ ਨਵੀਨਤਾ
ਨਵੀਨਤਾ (Innovation) ਨੂੰ ਉਤਸ਼ਾਹਿਤ ਕਰਨ ਲਈ ‘ਇੰਡੀਆ-ਫਰਾਂਸ ਇਨੋਵੇਸ਼ਨ ਨੈੱਟਵਰਕ’ ਦੀ ਸ਼ੁਰੂਆਤ ਕੀਤੀ ਗਈ ਹੈ। ਦਿੱਲੀ ਦੇ ਏਮਜ਼ (AIIMS) ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਵਰਤੋਂ ਲਈ ਇੱਕ ਵਿਸ਼ੇਸ਼ ਕੇਂਦਰ ਸਥਾਪਤ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਹਵਾਨਬਾਜ਼ੀ (Aviation) ਦੇ ਖੇਤਰ ਵਿੱਚ ਨੌਜਵਾਨਾਂ ਦੇ ਹੁਨਰ ਨੂੰ ਨਿਖਾਰਨ ਲਈ ‘ਨੈਸ਼ਨਲ ਸੈਂਟਰ ਆਫ ਐਕਸੀਲੈਂਸ’ ਬਣਾਉਣ ‘ਤੇ ਵੀ ਸਹਿਮਤੀ ਬਣੀ ਹੈ।
ਭਾਵੁਕ ਯਾਦਾਂ ਅਤੇ ਸੱਭਿਆਚਾਰਕ ਸਾਂਝ
ਪੀਐਮ ਮੋਦੀ ਨੇ ਫਰਾਂਸ ਦੇ ਮਾਰਸੇਈ ਸ਼ਹਿਰ ਦਾ ਜ਼ਿਕਰ ਕਰਦਿਆਂ ਪਹਿਲੇ ਵਿਸ਼ਵ ਯੁੱਧ ਦੌਰਾਨ ਭਾਰਤੀ ਸੈਨਿਕਾਂ ਦੀ ਬਹਾਦਰੀ ਨੂੰ ਯਾਦ ਕੀਤਾ। ਉਨ੍ਹਾਂ ਨੇ ਵੀਰ ਸਾਵਰਕਰ ਦੀ ਕੁਰਬਾਨੀ ਦਾ ਵੀ ਜ਼ਿਕਰ ਕੀਤਾ। ਮੋਦੀ ਨੇ ਕਿਹਾ ਕਿ ਭਾਰਤ ਅਤੇ ਫਰਾਂਸ ਦੀ ਦੋਸਤੀ ਦੀ ਕੋਈ ਸੀਮਾ ਨਹੀਂ ਹੈ ਅਤੇ ਇਹ ਸਾਂਝ ਵਿਸ਼ਵ ਵਿੱਚ ਸਥਿਰਤਾ ਅਤੇ ਤਰੱਕੀ ਦਾ ਨਵਾਂ ਰਾਹ ਦਿਖਾਏਗੀ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



