ਬਠਿੰਡਾ: ਬਾਲੀਵੁੱਡ ਅਦਾਕਾਰਾ ਅਤੇ ਸੰਸਦ ਮੈਂਬਰ ਕੰਗਨਾ ਰਨੌਤ ਦੀਆਂ ਮੁਸ਼ਕਲਾਂ ਘਟਦੀਆਂ ਨਜ਼ਰ ਨਹੀਂ ਆ ਰਹੀਆਂ। ਬਜ਼ੁਰਗ ਮਾਤਾ ਮਹਿੰਦਰ ਕੌਰ ਵੱਲੋਂ ਦਾਇਰ ਕੀਤੇ ਗਏ ਮਾਨਹਾਨੀ ਕੇਸ ਦੀ ਅੱਜ ਬਠਿੰਡਾ ਅਦਾਲਤ ਵਿੱਚ ਸੁਣਵਾਈ ਹੋਈ। ਇਸ ਦੌਰਾਨ ਕੰਗਨਾ ਰਨੌਤ ਨਿੱਜੀ ਤੌਰ ‘ਤੇ ਪੇਸ਼ ਨਹੀਂ ਹੋਈ,ਸਗੋਂ ਵੀਡੀਓ ਕਾਨਫਰੰਸਿੰਗ (VC) ਰਾਹੀਂ ਆਪਣਾ ਪੱਖ ਪੇਸ਼ ਕੀਤਾ। ਅਦਾਲਤ ਨੇ ਹੁਣ ਇਸ ਮਾਮਲੇ ਦੀ ਅਗਲੀ ਤਰੀਕ 10 ਫਰਵਰੀ ਨਿਰਧਾਰਤ ਕੀਤੀ ਹੈ।
ਅਦਾਲਤ ਵਿੱਚ ਦੋ ਅਹਿਮ ਗਵਾਹਾਂ ਦੇ ਬਿਆਨ ਦਰਜ
ਮਾਤਾ ਮਹਿੰਦਰ ਕੌਰ ਦੇ ਵਕੀਲ ਰਘਵੀਰ ਸਿੰਘ ਬੈਣੀਵਾਲ ਨੇ ਦੱਸਿਆ ਕਿ ਅੱਜ ਅਦਾਲਤੀ ਕਾਰਵਾਈ ਦੌਰਾਨ ਦੋ ਮੁੱਖ ਗਵਾਹਾਂ ਦੀ ਗਵਾਹੀ ਦਰਜ ਕਰਵਾਈ ਗਈ ਹੈ। ਇਨ੍ਹਾਂ ਵਿੱਚ ਸੁਰਜੀਤ ਸਿੰਘ ਫੂਲ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਪੰਜਾਬ ਦੇ ਚੇਅਰਮੈਨ, ਜਸਵੀਰ ਸਿੰਘ ਬਹਾਦਰਗੜ੍ਹ, ਮਾਤਾ ਮਹਿੰਦਰ ਕੌਰ ਦੇ ਪਿੰਡ ਜੰਡੀਆਂ ਦੇ ਨਿਵਾਸੀ ਸ਼ਾਮਲ ਹਨ। ਇਨ੍ਹਾਂ ਗਵਾਹਾਂ ਨੇ ਅਦਾਲਤ ਦੇ ਸਾਹਮਣੇ ਕੰਗਨਾ ਵੱਲੋਂ ਕੀਤੇ ਗਏ ਇਤਰਾਜ਼ਯੋਗ ਟਵੀਟ ਅਤੇ ਉਸ ਨਾਲ ਹੋਈ ਮਾਨਹਾਨੀ ਬਾਰੇ ਆਪਣਾ ਪੱਖ ਰੱਖਿਆ।
ਪਾਸਪੋਰਟ ਜਮ੍ਹਾ ਕਰਵਾਉਣ ਦੀ ਮੰਗ ਅਤੇ ਸੰਭਾਵੀ ਸਜ਼ਾ
ਸ਼ਿਕਾਇਤਕਰਤਾ ਦੇ ਵਕੀਲ ਨੇ ਅਦਾਲਤ ਵਿੱਚ ਇਹ ਮੰਗ ਵੀ ਉਠਾਈ ਕਿ ਕੰਗਨਾ ਰਨੌਤ ਦਾ ਪਾਸਪੋਰਟ ਅਦਾਲਤ ਵਿੱਚ ਜਮ੍ਹਾ ਕਰਵਾਇਆ ਜਾਵੇ। ਮੀਡੀਆ ਨਾਲ ਗੱਲਬਾਤ ਕਰਦਿਆਂ ਵਕੀਲ ਰਘਵੀਰ ਸਿੰਘ ਬੈਣੀਵਾਲ ਨੇ ਸਪਸ਼ਟ ਕੀਤਾ ਕਿ ਜੇਕਰ ਮਾਨਹਾਨੀ ਦੇ ਇਸ ਕੇਸ ਵਿੱਚ ਕੰਗਨਾ ਰਨੌਤ ਦੋਸ਼ੀ ਕਰਾਰ ਦਿੱਤੀ ਜਾਂਦੀ ਹੈ, ਤਾਂ ਕਾਨੂੰਨ ਮੁਤਾਬਕ ਉਸ ਨੂੰ ਦੋ ਸਾਲ ਦੀ ਕੈਦ ਅਤੇ ਜੁਰਮਾਨਾ ਹੋ ਸਕਦਾ ਹੈ।
ਕੀ ਹੈ ਪੂਰਾ ਮਾਮਲਾ?
ਜ਼ਿਕਰਯੋਗ ਹੈ ਕਿ ਕਿਸਾਨ ਅੰਦੋਲਨ ਦੌਰਾਨ ਕੰਗਨਾ ਰਨੌਤ ਨੇ ਇੱਕ ਬਜ਼ੁਰਗ ਮਹਿਲਾ (ਮਾਤਾ ਮਹਿੰਦਰ ਕੌਰ) ਦੀ ਤਸਵੀਰ ਸਾਂਝੀ ਕਰਦਿਆਂ ਉਨ੍ਹਾਂ ਬਾਰੇ ਗਲਤ ਟਿੱਪਣੀ ਕੀਤੀ ਸੀ। ਕੰਗਨਾ ਨੇ ਦਾਅਵਾ ਕੀਤਾ ਸੀ ਕਿ ਇਹ ਮਹਿਲਾ 100-100 ਰੁਪਏ ਲੈ ਕੇ ਪ੍ਰਦਰਸ਼ਨਾਂ ਵਿੱਚ ਸ਼ਾਮਲ ਹੁੰਦੀ ਹੈ। ਇਸ ਟਿੱਪਣੀ ਤੋਂ ਬਾਅਦ ਮਾਤਾ ਮਹਿੰਦਰ ਕੌਰ ਨੇ ਆਪਣੀ ਮਾਨਹਾਨੀ ਦਾ ਹਵਾਲਾ ਦਿੰਦੇ ਹੋਏ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ।
ਹੋਰ ਜਾਣੋ:
Akshay Kumar ਦੀ ‘Welcome to the Jungle’ ਦੀ ਰਿਲੀਜ਼ ਡੇਟ ਦਾ ਹੋਇਆ ਐਲਾਨ, ਸਿਨੇਮਾਘਰਾਂ ‘ਚ ਇਸ ਦਿਨ ਮਚੇਗਾ ਧਮਾਲ!



