ਗੁਰਦਾਸਪੁਰ : ਗੁਰਦਾਸਪੁਰ ਦੀ ਧਰਤੀ ਨੇ ਹਮੇਸ਼ਾ ਹੀ ਖੇਡ ਜਗਤ ਨੂੰ ਨਾਮੀ ਖਿਡਾਰੀ ਦਿੱਤੇ ਹਨ। ਇਸੇ ਲੜੀ ਵਿੱਚ ਹੁਣ ਇੱਕ ਨਵਾਂ ਨਾਂ ਰਿਹਾਨ ਕਸ਼ਅਪ ਜੁੜ ਗਿਆ ਹੈ, ਜਿਸ ਨੇ ਨੈਸ਼ਨਲ ਕ੍ਰਿਕਟ ਟੂਰਨਾਮੈਂਟ ਵਿੱਚ ਪੰਜਾਬ ਦੀ ਤਰਫੋਂ ਖੇਡਦਿਆਂ ਆਪਣੀ ਬੱਲੇਬਾਜ਼ੀ ਨਾਲ ਸਭ ਦਾ ਦਿਲ ਜਿੱਤ ਲਿਆ। ਨੈਸ਼ਨਲ ਖੇਡ ਕੇ ਜੱਦੀ ਸ਼ਹਿਰ ਪਰਤੇ ਰਿਹਾਨ ਦਾ ਮਾਰਸ਼ਲ ਕ੍ਰਿਕਟ ਕਲੱਬ ਵਿਖੇ ਕੋਚਾਂ ਅਤੇ ਸਾਥੀ ਖਿਡਾਰੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।
ਪੰਜਾਬ ਦੀ ਜਿੱਤ ਦਾ ਹੀਰੋ ਬਣਿਆ 14 ਸਾਲਾ ਰਿਹਾਨ
ਮਹਿਜ਼ 14 ਸਾਲ ਦੀ ਉਮਰ ਵਿੱਚ ਰਿਹਾਨ ਨੇ ਉਹ ਮੁਕਾਮ ਹਾਸਲ ਕੀਤਾ ਹੈ, ਜਿਸ ਦੀ ਹਰ ਉਭਰਦਾ ਖਿਡਾਰੀ ਉਮੀਦ ਕਰਦਾ ਹੈ। ਨੈਸ਼ਨਲ ਟੂਰਨਾਮੈਂਟ ਦੌਰਾਨ ਪੰਜਾਬ ਦੀ ਟੀਮ ਨੇ ਜੋ ਚਾਰ ਮੈਚ ਜਿੱਤੇ, ਉਨ੍ਹਾਂ ਵਿੱਚ ਰਿਹਾਨ ਦਾ ਸਕੋਰ ਸਭ ਤੋਂ ਅਹਿਮ ਰਿਹਾ। ਰਿਹਾਨ ਦੀ ਸ਼ਾਨਦਾਰ ਬੱਲੇਬਾਜ਼ੀ ਸਦਕਾ ਹੀ ਪੰਜਾਬ ਦੀ ਟੀਮ ਕੁਆਰਟਰ ਫਾਈਨਲ ਤੱਕ ਦਾ ਸਫ਼ਰ ਤੈਅ ਕਰ ਸਕੀ। ਹਾਲਾਂਕਿ, ਮੱਧ ਪ੍ਰਦੇਸ਼ ਵਿਰੁੱਧ ਅਹਿਮ ਮੁਕਾਬਲੇ ਵਿੱਚ ਰਿਹਾਨ ਦੇ 40 ਦੌੜਾਂ ਦੇ ਯੋਗਦਾਨ ਦੇ ਬਾਵਜੂਦ ਟੀਮ ਸੈਮੀਫਾਈਨਲ ਵਿੱਚ ਜਗ੍ਹਾ ਨਹੀਂ ਬਣਾ ਸਕੀ, ਪਰ ਰਿਹਾਨ ਦੇ ਨਿੱਜੀ ਪ੍ਰਦਰਸ਼ਨ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ।
ਕੋਚਾਂ ਨੂੰ ਰਿਹਾਨ ਵਿੱਚ ਨਜ਼ਰ ਆ ਰਿਹਾ ਹੈ ਅੰਤਰਰਾਸ਼ਟਰੀ ਸਟਾਰ
ਸਰਕਾਰੀ ਕਾਲਜ ਦੀ ਕ੍ਰਿਕਟ ਪਿੱਚ ‘ਤੇ ਸਵਾਗਤ ਦੌਰਾਨ ਕੋਚ ਪ੍ਰੀਆ ਅਤੇ ਰਕੇਸ਼ ਮਾਰਸ਼ਲ ਨੇ ਕਿਹਾ ਕਿ ਰਿਹਾਨ ਵਿੱਚ ਅੰਤਰਰਾਸ਼ਟਰੀ ਪੱਧਰ ਦਾ ਖਿਡਾਰੀ ਬਣਨ ਦੀ ਪੂਰੀ ਸਮਰੱਥਾ ਹੈ। ਉਨ੍ਹਾਂ ਉਮੀਦ ਜਤਾਈ ਕਿ ਜੇਕਰ ਰਿਹਾਨ ਇਸੇ ਤਰ੍ਹਾਂ ਮਿਹਨਤ ਕਰਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਉਹ ਭਾਰਤੀ ਕ੍ਰਿਕਟ ਟੀਮ (Team India) ਦੀ ਜਰਸੀ ਵਿੱਚ ਨਜ਼ਰ ਆਵੇਗਾ। ਦੂਜੇ ਪਾਸੇ, ਰਿਹਾਨ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਕੋਚਾਂ ਨੂੰ ਦਿੰਦੇ ਹੋਏ ਕਿਹਾ ਕਿ ਉਹ ਭਵਿੱਖ ਵਿੱਚ ਹੋਰ ਵੀ ਸਖ਼ਤ ਮਿਹਨਤ ਅਤੇ ਪ੍ਰੈਕਟਿਸ ਕਰੇਗਾ।
ਗੁਰਦਾਸਪੁਰ ਦਾ ਮਾਰਸ਼ਲ ਕ੍ਰਿਕਟ ਕਲੱਬ: ਸਟਾਰ ਖਿਡਾਰੀਆਂ ਦੀ ਨਰਸਰੀ
ਜ਼ਿਕਰਯੋਗ ਹੈ ਕਿ ਗੁਰਦਾਸਪੁਰ ਦਾ ਇਹ ਮੈਦਾਨ ਪਹਿਲਾਂ ਵੀ ਕਈ ਅੰਤਰਰਾਸ਼ਟਰੀ ਸਿਤਾਰੇ ਪੈਦਾ ਕਰ ਚੁੱਕਾ ਹੈ। ਕੈਨੇਡਾ ਦੀ ਕ੍ਰਿਕਟ ਟੀਮ ਦੇ ਕਪਤਾਨ ਬਣੇ ਦਿਲਪ੍ਰੀਤ ਅਤੇ ਕੈਨੇਡਾ ਵੱਲੋਂ ਹੀ ਖੇਡ ਰਹੇ ਵੈਭਵ ਸੈਣੀ ਵਰਗੇ ਖਿਡਾਰੀਆਂ ਨੇ ਵੀ ਇਸੇ ਮੈਦਾਨ ਤੋਂ ਆਪਣੀ ਸ਼ੁਰੂਆਤ ਕੀਤੀ ਸੀ। ਹੁਣ ਰਿਹਾਨ ਕਸ਼ਅਪ ਤੋਂ ਵੀ ਖੇਡ ਪ੍ਰੇਮੀਆਂ ਨੂੰ ਵੱਡੀਆਂ ਉਮੀਦਾਂ ਹਨ।


