ਬਰਨਾਲਾ: ਦੇਸ਼ ਭਰ ਵਿੱਚ ਜਿੱਥੇ ਬਸੰਤ ਪੰਚਮੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ, ਉੱਥੇ ਹੀ ਬਰਨਾਲਾ ਵਿੱਚ ਚਾਈਨਾ ਡੋਰ ਨੇ ਕਈ ਘਰਾਂ ਦੀਆਂ ਖ਼ੁਸ਼ੀਆਂ ਨੂੰ ਗ੍ਰਹਿਣ ਲਗਾ ਦਿੱਤਾ ਹੈ। ਸ਼ਹਿਰ ਵਿੱਚ ਚਾਈਨਾ ਡੋਰ ਕਾਰਨ ਤਿੰਨ ਵੱਖ-ਵੱਖ ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਨ। ਇਨ੍ਹਾਂ ਵਿੱਚੋਂ ਇੱਕ ਵਿਅਕਤੀ ਦੀ ਹਾਲਤ ਬੇਹੱਦ ਨਾਜ਼ੁਕ ਦੱਸੀ ਜਾ ਰਹੀ ਹੈ, ਜਿਸ ਦਾ ਗਲਾ ਡੋਰ ਨਾਲ ਬੁਰੀ ਤਰ੍ਹਾਂ ਕੱਟਿਆ ਗਿਆ। ਸਥਾਨਕ ਸਰਕਾਰੀ ਹਸਪਤਾਲ ਦੇ ਡਾਕਟਰਾਂ ਨੇ ਮੁੱਢਲੀ ਸਹਾਇਤਾ ਤੋਂ ਬਾਅਦ ਉਸ ਨੂੰ ਬਿਹਤਰ ਇਲਾਜ ਲਈ ਏਮਜ਼ (AIIMS) ਬਠਿੰਡਾ ਰੈਫਰ ਕਰ ਦਿੱਤਾ ਹੈ।
ਦਵਾਈ ਲੈਣ ਜਾ ਰਹੇ ਪਰਿਵਾਰ ਨਾਲ ਵਾਪਰਿਆ ਭਿਆਨਕ ਹਾਦਸਾ
ਪੀੜਤ ਮਹਿਲਾ ਵੀਰਪਾਲ ਕੌਰ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਮੋਟਰਸਾਈਕਲ ‘ਤੇ ਸਵਾਰ ਹੋ ਕੇ ਦਵਾਈ ਲੈਣ ਜਾ ਰਹੇ ਸਨ। ਇਸੇ ਦੌਰਾਨ ਅਚਾਨਕ ਹਵਾ ਵਿੱਚੋਂ ਆਈ ਚਾਈਨਾ ਡੋਰ ਨੇ ਉਨ੍ਹਾਂ ਨੂੰ ਲਪੇਟ ਵਿੱਚ ਲੈ ਲਿਆ। ਡੋਰ ਫਿਰਨ ਕਾਰਨ ਵਿਅਕਤੀ ਦਾ ਗਲਾ ਬੁਰੀ ਤਰ੍ਹਾਂ ਵੱਢਿਆ ਗਿਆ। ਪੀੜਤ ਦੀ ਮਾਂ ਰਾਣੀ ਕੌਰ ਨੇ ਰੋਂਦੇ ਹੋਏ ਦੱਸਿਆ ਕਿ ਅਚਾਨਕ ਹੋਏ ਇਸ ਹਾਦਸੇ ਨੇ ਸਭ ਕੁਝ ਤਹਿਸ-ਨਹਿਸ ਕਰ ਦਿੱਤਾ।
ਡਾਕਟਰਾਂ ਦਾ ਬਿਆਨ: ਗਲੇ ‘ਤੇ ਲੱਗੇ 12 ਟਾਂਕੇ
ਸਰਕਾਰੀ ਹਸਪਤਾਲ ਦੇ ਡਾਕਟਰ ਗੁਰਮੇਹਰ ਢਿੱਲੋਂ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਸਪਤਾਲ ਵਿੱਚ ਚਾਈਨਾ ਡੋਰ ਨਾਲ ਜ਼ਖ਼ਮੀ ਹੋਏ ਤਿੰਨ ਮਰੀਜ਼ ਆਏ ਸਨ। ਉਨ੍ਹਾਂ ਦੱਸਿਆ ਕਿ ਇੱਕ ਮਰੀਜ਼ ਦੇ ਗਲੇ ‘ਤੇ ਲਗਭਗ 12 ਟਾਂਕੇ ਲਗਾਏ ਗਏ ਹਨ, ਪਰ ਖੂਨ ਦਾ ਵਹਾਅ ਜ਼ਿਆਦਾ ਹੋਣ ਅਤੇ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਤੁਰੰਤ ਬਠਿੰਡਾ ਰੈਫਰ ਕਰਨਾ ਪਿਆ। ਬਾਕੀ ਦੋ ਜ਼ਖ਼ਮੀਆਂ ਦਾ ਇਲਾਜ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਜਾਰੀ ਹੈ।
ਪੁਲਿਸ ਦੀ ਸਖ਼ਤ ਕਾਰਵਾਈ
ਦੂਜੇ ਪਾਸੇ, ਪ੍ਰਸ਼ਾਸਨ ਚਾਈਨਾ ਡੋਰ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਐਕਸ਼ਨ ਮੋਡ ਵਿੱਚ ਨਜ਼ਰ ਆ ਰਿਹਾ ਹੈ। ਡੀ.ਐਸ.ਪੀ ਬਰਨਾਲਾ ਸਤਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕਰਕੇ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਕੋਲੋਂ ਚਾਈਨਾ ਡੋਰ ਦੇ 15 ਗੱਟੂ ਬਰਾਮਦ ਕੀਤੇ ਹਨ।



