ਕਪੂਰਥਲਾ : ਜ਼ਿਲ੍ਹਾ ਕਪੂਰਥਲਾ ਦੇ ਪਿੰਡ ਅਡਣਾਂਵਾਲੀ ਵਿੱਚ ਆਵਾਰਾ ਕੁੱਤਿਆਂ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ। ਤਾਜ਼ਾ ਮਾਮਲੇ ਵਿੱਚ ਇੱਕ ਆਵਾਰਾ ਕੁੱਤੇ ਨੇ ਘਰ ਵਿੱਚ ਖੇਡ ਰਹੇ ਦੋ ਮਾਸੂਮ ਬੱਚਿਆਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ। ਕੁੱਤੇ ਦੇ ਇਸ ਹਮਲੇ ਵਿੱਚ ਦੋਵੇਂ ਬੱਚੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਨੂੰ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਖੇਡ ਰਹੀ ਬੱਚੀ ‘ਤੇ ਕੀਤਾ ਹਮਲਾ
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ 3 ਸਾਲਾ ਮਾਸੂਮ ਬੱਚੀ ਆਪਣੇ ਘਰ ਦੇ ਵਿਹੜੇ ਵਿੱਚ ਖੇਡ ਰਹੀ ਸੀ। ਇਸ ਦੌਰਾਨ ਅਚਾਨਕ ਇੱਕ ਆਵਾਰਾ ਕੁੱਤਾ ਘਰ ਅੰਦਰ ਵੜ ਗਿਆ ਅਤੇ ਬੱਚੀ ‘ਤੇ ਹਮਲਾ ਕਰ ਦਿੱਤਾ। ਜਦੋਂ ਬੱਚੀ ਦੀਆਂ ਚੀਕਾਂ ਸੁਣ ਕੇ ਉਸ ਦਾ ਭਰਾ ਉਸ ਨੂੰ ਬਚਾਉਣ ਲਈ ਅੱਗੇ ਵਧਿਆ, ਤਾਂ ਖ਼ੂਨਖ਼ਾਰ ਹੋਏ ਕੁੱਤੇ ਨੇ ਉਸ ‘ਤੇ ਵੀ ਹਮਲਾ ਕਰ ਦਿੱਤਾ ਅਤੇ ਉਸ ਨੂੰ ਬੁਰੀ ਤਰ੍ਹਾਂ ਨੋਚ ਸੁੱਟਿਆ।
ਸਿਵਲ ਹਸਪਤਾਲ ਵਿੱਚ ਇਲਾਜ ਅਧੀਨ ਹਨ ਮਾਸੂਮ
ਘਟਨਾ ਤੋਂ ਤੁਰੰਤ ਬਾਅਦ ਪਰਿਵਾਰ ਵੱਲੋਂ ਦੋਵਾਂ ਬੱਚਿਆਂ ਨੂੰ ਲਹੂ-ਲੁਹਾਨ ਹਾਲਤ ਵਿੱਚ ਸਿਵਲ ਹਸਪਤਾਲ ਕਪੂਰਥਲਾ ਪਹੁੰਚਾਇਆ ਗਿਆ। ਹਸਪਤਾਲ ਦੇ ਡਿਊਟੀ ਡਾਕਟਰ ਵਿਜੇ ਕੁਮਾਰ ਨੇ ਦੱਸਿਆ ਕਿ ਬੱਚਿਆਂ ਦੇ ਸਰੀਰ ‘ਤੇ ਕੁੱਤੇ ਦੇ ਕੱਟਣ ਦੇ ਡੂੰਘੇ ਨਿਸ਼ਾਨ ਹਨ ਅਤੇ ਉਨ੍ਹਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ। ਫਿਲਹਾਲ ਦੋਵੇਂ ਬੱਚੇ ਡਾਕਟਰੀ ਨਿਗਰਾਨੀ ਹੇਠ ਹਨ।
ਪਿੰਡ ਵਾਸੀਆਂ ਵਿੱਚ ਦਹਿਸ਼ਤ ਦਾ ਮਾਹੌਲ
ਇਸ ਘਟਨਾ ਤੋਂ ਬਾਅਦ ਪਿੰਡ ਅਡਣਾਂਵਾਲੀ ਦੇ ਨਿਵਾਸੀਆਂ ਵਿੱਚ ਭਾਰੀ ਰੋਸ ਅਤੇ ਦਹਿਸ਼ਤ ਪਾਈ ਜਾ ਰਹੀ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਆਵਾਰਾ ਕੁੱਤਿਆਂ ਦੀ ਵਧਦੀ ਗਿਣਤੀ ਕਾਰਨ ਹੁਣ ਬੱਚਿਆਂ ਦਾ ਘਰੋਂ ਬਾਹਰ ਨਿਕਲਣਾ ਤਾਂ ਦੂਰ, ਘਰ ਦੇ ਅੰਦਰ ਖੇਡਣਾ ਵੀ ਅਸੁਰੱਖਿਅਤ ਹੋ ਗਿਆ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਆਵਾਰਾ ਕੁੱਤਿਆਂ ਦੀ ਸਮੱਸਿਆ ਦਾ ਜਲਦ ਤੋਂ ਜਲਦ ਹੱਲ ਕੀਤਾ ਜਾਵੇ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ : https://livingindianews.co.in/bomb-threat-after-ferozepur-moga-and-ropar-now-mohali-court-receives-bomb-threat/
ਖ਼ਬਰਾਂ ਲਈ ਲਿਵਿੰਗ ਇੰਡੀਆ ਨਿਊਜ਼ 24/7 ਲਾਈਵ ਨਾਲ ਜੁੜੇ ਰਹੋ



