ਚੰਡੀਗੜ੍ਹ: ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਲੈ ਕੇ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਹੁਣ ਪੰਜਾਬ ਦੇ ਸਾਰੇ ਸਰਕਾਰੀ ਐਲੀਮੈਂਟਰੀ, ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ‘ਚ ਜਲਦ ਹੀ ਆਨਲਾਈਨ ਹਾਜ਼ਰੀ ਦੀ ਸਹੂਲਤ ਸ਼ੁਰੂ ਹੋਣ ਵਾਲੀ ਹੈ।
ਹੁਣ ਮਾਪਿਆਂ ਨੂੰ ਇਸ ਗੱਲ ਦੀ ਚਿੰਤਾ ਨਹੀਂ ਰਹੇਗੀ ਕਿ ਉਨ੍ਹਾਂ ਦਾ ਬੱਚਾ ਸਕੂਲ ਪਹੁੰਚਿਆ ਜਾਂ ਨਹੀਂ। ਬੱਚੇ ਦੇ ਗੈਰ-ਹਾਜ਼ਰੀ ਹੋਣ ਦੀ ਸੂਰਤ ‘ਚ ਰਜਿਸਟਰਡ ਮੋਬਾਈਲ ‘ਤੇ ਇਕ ਮੈਸੇਜ ਆਪਣੇ ਆਪ ਆ ਜਾਵੇਗਾ। ਇਹ ਸਹੂਲਤ ਆਉਣ ਵਾਲੇ 20 ਦਿਨਾਂ ‘ਚ ਸ਼ੁਰੂ ਹੋ ਜਾਵੇਗੀ। ਇਹ ਜਾਣਕਾਰੀ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸੋਸ਼ਲ ਮੀਡੀਆ ਅਕਾਊਂਟ ‘ਤੇ ਦਿੱਤੀ ਹੈ।
ਹਰਜੋਤ ਸਿੰਘ ਬੈਂਸ ਨੇ ਟਵੀਟ ਵਿੱਚ ਲਿਖਿਆ ਹੈ ਕਿ ਪੰਜਾਬ ਸਿੱਖਿਆ ਕ੍ਰਾਂਤੀ ਵਿੱਚ ਇੱਕ ਹੋਰ ਮੀਲ ਪੱਥਰ ਹਾਸਲ ਹੋਵੇਗਾ । ਬਹੁਤ ਜਲਦ ਪੰਜਾਬ ਦੇ ਸਾਰੇ 19000+ ਸਰਕਾਰੀ ਸਕੂਲਾਂ ਵਿੱਚ ਔਨਲਾਈਨ ਹਾਜ਼ਰੀ ਸ਼ੁਰੂ ਕਰ ਦਿੱਤੀ ਜਾਵੇਗੀ। ਮਾਪਿਆਂ ਨੂੰ SMS Alert ਪ੍ਰਾਪਤ ਹੋਣਗੇ ਜਦੋਂ ਵੀ ਉਹਨਾਂ ਦਾ ਬੱਚਾ ਸਕੂਲ ਤੋਂ ਗੈਰਹਾਜ਼ਰ ਹੁੰਦਾ ਹੈ।
ਦਰਅਸਲ, ਸਭ ਤੋਂ ਵੱਡੀ ਚਿੰਤਾ ਕਿ ਬੱਚੇ ਸਕੂਲ ਪਹੁੰਚੇ ਜਾਂ ਨਹੀਂ, ਉਨ੍ਹਾਂ ਦੇ ਵਾਪਸ ਆਉਣ ਤਕ ਮਾਪਿਆਂ ਦੇ ਦਿਲਾਂ ‘ਚ ਬਣੀ ਰਹਿੰਦੀ ਹੈ। ਇਸ ਲਈ ਸਕੂਲਾਂ ‘ਚ ਆਨਲਾਈਨ ਹਾਜ਼ਰੀ ਦੀ ਪ੍ਰਕਿਰਿਆ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਸਿੱਖਿਆ ਵਿਭਾਗ ਨੇ ਸਬੰਧਤ ਸਕੂਲਾਂ ਨੂੰ ਇਸ ਸਬੰਧੀ ਤਿਆਰੀਆਂ ਕਰਨ ਲਈ ਕਿਹਾ ਹੈ। ਇਹ ਸਹੂਲਤ ਸਾਰੇ ਸਰਕਾਰੀ ਐਲੀਮੈਂਟਰੀ, ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਇੱਕੋ ਸਮੇਂ ਸ਼ੁਰੂ ਕੀਤੀ ਜਾਵੇਗੀ।



