ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਵਿੱਚ ਲਗਾਤਾਰ ਵਿਗੜ ਰਹੀ ਹਵਾ ਦੀ ਗੁਣਵੱਤਾ ਨੂੰ ਦੇਖਦੇ ਹੋਏ ਦਿੱਲੀ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ ਹੈ। ਪ੍ਰਦੂਸ਼ਣ ਦੇ ਖਤਰਨਾਕ ਪੱਧਰ ਨੂੰ ਮੁੱਖ ਰੱਖਦਿਆਂ ਸਰਕਾਰ ਨੇ ਸਰਕਾਰੀ ਅਤੇ ਪ੍ਰਾਈਵੇਟ ਦੋਵਾਂ ਖੇਤਰਾਂ ਦੇ ਦਫ਼ਤਰਾਂ ਲਈ 50 ਪ੍ਰਤੀਸ਼ਤ ਕਰਮਚਾਰੀਆਂ ਵਾਸਤੇ ‘ਵਰਕ ਫਰੌਮ ਹੋਮ’ ਘਰ ਤੋਂ ਕੰਮ ਕਰਨਾ ਲਾਜ਼ਮੀ ਕਰ ਦਿੱਤਾ ਹੈ। ਇਹ ਫੈਸਲਾ ਦਿੱਲੀ ਵਿੱਚ ਏਅਰ ਕੁਆਲਿਟੀ ਇੰਡੈਕਸ (AQI) ਦੇ ‘ਗੰਭੀਰ’ ਸ਼੍ਰੇਣੀ ਵਿੱਚ ਪਹੁੰਚਣ ਤੋਂ ਬਾਅਦ ਲਿਆ ਗਿਆ ਹੈ, ਜਿੱਥੇ ਆਮ ਲੋਕਾਂ ਲਈ ਬਾਹਰ ਨਿਕਲਣਾ ਸਿਹਤ ਪੱਖੋਂ ਅਸੁਰੱਖਿਅਤ ਹੋ ਗਿਆ ਹੈ।
ਨਿਯਮ ਤੋੜਨ ਵਾਲਿਆਂ ਨੂੰ ਚੇਤਾਵਨੀ
ਨਵੇਂ ਨਿਯਮਾਂ ਅਨੁਸਾਰ, ਹਰੇਕ ਦਫ਼ਤਰ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਉਨ੍ਹਾਂ ਦਾ ਅੱਧਾ ਸਟਾਫ ਘਰੋਂ ਹੀ ਕੰਮ ਕਰੇ। ਹਾਲਾਂਕਿ, ਉਨ੍ਹਾਂ ਕਰਮਚਾਰੀਆਂ ਨੂੰ ਦਫ਼ਤਰ ਆਉਣ ਦੀ ਛੋਟ ਦਿੱਤੀ ਗਈ ਹੈ ਜਿਨ੍ਹਾਂ ਦੀ ਮੌਜੂਦਗੀ ਕੰਮ ਲਈ ਲਾਜ਼ਮੀ ਹੈ ਅਤੇ ਜਿਨ੍ਹਾਂ ਦਾ ਕੰਮ ਘਰੋਂ ਨਹੀਂ ਹੋ ਸਕਦਾ। ਦਿੱਲੀ ਸਰਕਾਰ ਨੇ ਸਖ਼ਤ ਚਿਤਾਵਨੀ ਦਿੱਤੀ ਹੈ ਕਿ ਜੋ ਵੀ ਅਦਾਰਾ ਇਹਨਾਂ ਹੁਕਮਾਂ ਦੀ ਉਲੰਘਣਾ ਕਰੇਗਾ, ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਭਾਰੀ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਸਰਕਾਰ ਨੇ ਪ੍ਰਦੂਸ਼ਣ ਕਾਰਨ ਬੇਰੁਜ਼ਗਾਰ ਹੋਏ ਰਜਿਸਟਰਡ ਉਸਾਰੀ ਮਜ਼ਦੂਰਾਂ ਨੂੰ 10,000 ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਵੀ ਐਲਾਨ ਕੀਤਾ ਹੈ।
AQI 460 ਦੇ ਪਾਰ, GRAP-4 ਲਾਗੂ
ਦਿੱਲੀ ਵਿੱਚ ਪ੍ਰਦੂਸ਼ਣ ਦੀ ਸਥਿਤੀ ਇਸ ਸੀਜ਼ਨ ਦੇ ਸਭ ਤੋਂ ਮਾੜੇ ਦੌਰ ਵਿੱਚ ਪਹੁੰਚ ਗਈ ਹੈ। 14 ਦਸੰਬਰ ਨੂੰ AQI 441 ਦਰਜ ਕੀਤਾ ਗਿਆ ਸੀ, ਜੋ ਅੱਧੀ ਰਾਤ ਤੱਕ ਵਧ ਕੇ 460 ਤੱਕ ਪਹੁੰਚ ਗਿਆ। ਹਵਾ ਦੀ ਗੁਣਵੱਤਾ ਵਿੱਚ ਆਈ ਇਸ ਤੇਜ਼ੀ ਨਾਲ ਗਿਰਾਵਟ ਕਾਰਨ ‘ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ’ ਨੇ ਤੁਰੰਤ ਪ੍ਰਭਾਵ ਨਾਲ GRAP ਸਟੇਜ-IV (ਗ੍ਰੈਪ-4) ਲਾਗੂ ਕਰ ਦਿੱਤਾ ਹੈ। ਮੌਸਮ ਵਿੱਚ ਆਈ ਤਬਦੀਲੀ, ਸੰਘਣੀ ਧੁੰਦ ਅਤੇ ਹਵਾ ਦੀ ਮੱਠੀ ਰਫ਼ਤਾਰ ਨੇ ਪ੍ਰਦੂਸ਼ਣ ਦੇ ਕਣਾਂ ਨੂੰ ਜਮਾ ਦਿੱਤਾ ਹੈ, ਜਿਸ ਕਾਰਨ ਸਥਿਤੀ ਹੋਰ ਗੰਭੀਰ ਹੋ ਗਈ ਹੈ।
ਸਕੂਲ ਹੋਏ ਪੂਰੀ ਤਰ੍ਹਾਂ ਆਨਲਾਈਨ
ਵਧਦੇ ਪ੍ਰਦੂਸ਼ਣ ਦਾ ਸਭ ਤੋਂ ਵੱਧ ਅਸਰ ਬੱਚਿਆਂ ਦੀ ਸਿਹਤ ‘ਤੇ ਦੇਖਣ ਨੂੰ ਮਿਲ ਰਿਹਾ ਹੈ। ਇਸ ਦੇ ਮੱਦੇਨਜ਼ਰ ਸਰਕਾਰ ਨੇ ਪੰਜਵੀਂ ਜਮਾਤ ਤੱਕ ਦੇ ਸਾਰੇ ਸਕੂਲਾਂ ਨੂੰ ਪੂਰੀ ਤਰ੍ਹਾਂ ਬੰਦ ਕਰਕੇ ਕਲਾਸਾਂ ਨੂੰ ਆਨਲਾਈਨ ਮੋਡ ਵਿੱਚ ਤਬਦੀਲ ਕਰ ਦਿੱਤਾ ਹੈ। ਪਹਿਲਾਂ ਸਿਰਫ਼ ਰਿਮੋਟ ਕਲਾਸਾਂ ਦਾ ਸੁਝਾਅ ਦਿੱਤਾ ਗਿਆ ਸੀ, ਪਰ ਹਾਲਾਤ ਵਿਗੜਦੇ ਦੇਖ ਹੁਣ ਸਾਰੇ ਬੱਚਿਆਂ ਲਈ ਘਰੋਂ ਪੜ੍ਹਾਈ ਕਰਨਾ ਲਾਜ਼ਮੀ ਕਰ ਦਿੱਤਾ ਗਿਆ ਹੈ।
ਖ਼ਬਰਾਂ ਲਈ ਲਿਵਿੰਗ ਇੰਡੀਆ ਨਿਊਜ਼ 24/7 ਲਾਈਵ ਨਾਲ ਜੁੜੇ ਰਹੋ

