ਮੋਹਾਲੀ : ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਜਨਤਾ ਲੈਂਡ ਪ੍ਰਮੋਟਰ ਦੇ ਐੱਮਡੀ ਕੁਲਵੰਤ ਸਿੰਘ ਦੇ ਸੈਕਟਰ 71 ਸਥਿਤ ਘਰ ਵਿਖੇ ਈਡੀ ਨੇ ਛਾਪਾ ਮਾਰਿਆ ਹੈ। ਈਡੀ ਦੀ ਟੀਮ ਸਵੇਰੇ ਸਵਾ ਸੱਤ ਵਜੇ ਕੇਂਦਰੀ ਸੁਰੱਖਿਆ ਬਲਾਂ ਦੇ ਨਾਲ ਉਨ੍ਹਾਂ ਦੇ ਗ੍ਰਹਿ ਵਿਖੇ ਪੁੱਜੀ ਅਤੇ ਘਰ ਦੇ ਅੰਦਰ ਤਲਾਸ਼ੀ ਮੁਹਿੰਮ ਅਜੇ ਤਕ ਜਾਰੀ ਹੈ।
ਮਿਲੀ ਜਾਣਕਾਰੀ ਅਨੁਸਾਰ ਕੁਲਵੰਤ ਸਿੰਘ ਦੀ ਆਮਦਨ ਅਤੇ ਉਸ ਦੇ ਸਰੋਤਾਂ ਤੋਂ ਇਲਾਵਾ ਸ਼ਰਾਬ ਦੇ ਕਾਰੋਬਾਰ ‘ਚ ਹਿੱਸੇਦਾਰੀਆਂ ਨੂੰ ਲੈ ਕੇ ਪੜਤਾਲ ਹੋ ਰਹੀ ਹੈ। ਇਸ ਬਾਰੇ ਅਜੇ ਈਡੀ ਦੇ ਅਧਿਕਾਰੀਆਂ ਨੇ ਕਿਸੇ ਵੀ ਪੱਤਰਕਾਰ ਨਾਲ ਕੋਈ ਵੀ ਗੱਲਬਾਤ ਨਹੀਂ ਕੀਤੀ। ਜੇਐੱਲਪੀਐੱਲ ਦੇ ਕਾਰਪੋਰੇਟ ਦਫ਼ਤਰ ਸੈਕਟਰ-82 ਅਤੇ ਸੁਹਾਣਾ ਸਥਿਤ ਕਾਰੋਬਾਰੀ ਥਾਵਾਂ ਸਮੇਤ ਚਾਰ ਥਾਵਾਂ ‘ਤੇ ਛਾਪੇਮਾਰੀ ਚੱਲ ਰਹੀ ਹੈ। ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਕੁਲਵੰਤ ਸਿੰਘ ਇਸ ਵੇਲੇ ਘਰ ‘ਚ ਮੌਜੂਦ ਨਹੀਂ ਹਨ।
