ਮਾਨਸਾ : ਸਿੱਧੂ ਮੂਸੇਵਾਲਾ ਕਤਲ ਮਾਮਲੇ ’ਚ ਅੱਜ ਅਦਾਲਤ ’ਚ 25 ਨਾਮਜ਼ਦ ਮੁਲਜ਼ਮਾਂ ’ਚੋਂ 24 ਨੂੰ ਵੀਡੀਓ ਕਾਨਫ਼ਰੰਸਿੰਗ ਰਾਹੀਂ ਪੇਸ਼ ਕੀਤਾ ਗਿਆ, ਜਦੋਂਕਿ ਜੱਗੂ ਭਗਵਾਨਪੁਰੀਏ ਨੂੰ ਪੇਸ਼ ਨਹੀਂ ਕੀਤਾ ਗਿਆ। ਹੁਣ ਇਸ ਮਾਮਲੇ ‘ਚ ਅਗਲੀ ਪੇਸ਼ੀ 2 ਨਵੰਬਰ ਨੂੰ ਹੋਵੇਗੀ। ਸਿੱਧੂ ਮੂਸੇਵਾਲਾ ਕਤਲ ਮਾਮਲੇ ਦੀ ਪੇਸ਼ੀ ਦੌਰਾਨ ਅੱਜ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਅਦਾਲਤ ਵਿੱਚ ਜੱਜ ਸਾਹਮਣੇ ਪੇਸ਼ ਹੋਏ। ਉਨ੍ਹਾਂ ਹੱਥ ਜੋੜ ਇਨਸਾਫ਼ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਲੰਬਾ ਸਮਾਂ ਹੋ ਗਿਆ ਜੀ, ਹੁਣ ਇਨਸਾਫ਼ ਦੇ ਦਿਉ।ਅਦਾਲਤ ਨੇ ਉਨ੍ਹਾਂ ਨੂੰ ਇਨਸਾਫ਼ ਦੇਣ ਦਾ ਭਰੋਸਾ ਦਿੱਤਾ।
ਬਲਕੌਰ ਸਿੰਘ ਨੇ ਦੱਸਿਆ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਉਨ੍ਹਾਂ ਨੂੰ ਉਮੀਦ ਸੀ ਕਿ ਫ਼ਿਜ਼ੀਕਲ ਤੌਰ ’ਤੇ ਨਾਮਜ਼ਦ ਮੁਲਜ਼ਮਾਂ ਨੂੰ ਪੇਸ਼ ਕੀਤਾ ਜਾਵੇਗਾ ਪਰ ਵੀਡਿਉ ਕਾਨਫ਼ਰੰਸਿੰਗ ਰਾਹੀਂ ਹੀ ਪੇਸ਼ੀ ਹੋਈ। ਉਨ੍ਹਾਂ ਕਿਹਾ ਕਿ ਲਾਰੈਂਸ ਬਿਸ਼ਨੋਈ ਤਾਂ ਵਰਤ ਹੋਣ ਕਾਰਨ ਮੌਨ ਧਾਰ ਕੇ ਹੀ ਕੋਰਟ ਵਿੱਚ ਪੇਸ਼ ਹੋਇਆ ਅਤੇ ਉਸ ਵੱਲੋਂ ਕੁਝ ਵੀ ਕੋਰਟ ਦੇ ਅੱਗੇ ਨਹੀਂ ਬੋਲਿਆ ਗਿਆ। ਐਡਵੋਕੇਟ ਸਤਿੰਦਰਪਾਲ ਮਿੱਤਲ ਨੇ ਦੱਸਿਆ ਕਿ ਅੱਜ 25 ਮੁਲਜ਼ਮਾਂ ’ਚੋਂ 24 ਮੁਲਜ਼ਮ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਕੀਤੇ ਗਏ, ਜੱਗੂ ਭਗਵਾਨਪੁਰਆ ਦੀ ਪੇਸ਼ੀ ਨਹੀਂ ਹੋਈ। ਕੇਸ ਦੀ ਅਗਲੀ ਤਰੀਕ 2 ਨਵੰਬਰ 2023 ਨੂੰ ਰੱਖੀ ਗਈ ਹੈ।
