ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਇਤਿਹਾਸ ’ਚ ਪਹਿਲੀ ਵਾਰ ਸਮੁੱਚੀ ਕਾਰਵਾਈ ਪੇਪਰਲੈੱਸ ਹੋਵੇਗੀ। ਸੈਸ਼ਨ ਸਵੇਰੇ ਗਿਆਰਾਂ ਵਜੇ ਸ਼ੁਰੂ ਹੋਵੇਗਾ। ਜਿੱਥੇ ਵਿਧਾਨ ਸਭਾ ਸਕੱਤਰੇਤ ਨੇ ਮੈਂਬਰਾਂ ਨੂੰ ਆਨਲਾਈਨ ਸੂਚਨਾਂ ਉਪਲਬਧ ਕਰਵਾਉਣ ਦੀ ਪੂਰੀ ਤਿਆਰੀ ਖਿੱਚੀ ਹੋਈ ਹੈ,ਉਥੇ ਕਾਂਗਰਸੀ ਵਿਧਾਇਕ ਸੈਸ਼ਨ ਦੇ ਕਾਨੂੰਨੀ ਜਾਂ ਗ਼ੈਰ ਕਾਨੂੰਨੀ ਹੋਣ ਨੂੰ ਲੈ ਕੇ ਦੁਚਿੱਤੀ ਵਿਚ ਫਸੇ ਹੋਏ ਹਨ, ਪਰ ਲੋਕਾਂ ਦੇ ਦਬਾਅ ਨੂੰ ਭਾਂਪਦੇ ਹੋਏ ਕਾਂਗਰਸੀ ਵਿਧਾਇਕਾਂ ਨੇ ਸਦਨ ਦੀ ਕਾਰਵਾਈ ਵਿਚ ਹਿੱਸਾ ਲੈਣ ਦਾ ਫ਼ੈਸਲਾ ਲਿਆ ਹੈ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਪਹਿਲਾਂ ਹੀ ਸੈਸ਼ਨ ਨੂੰ ਗ਼ੈਰਕਾਨੂੰਨੀ ਦੱਸ ਚੁੱਕੇ ਹਨ ਕਿਉਕਿ ਬਜਟ ਸੈਸ਼ਨ ਤੋਂ ਬਾਅਦ ਸਦਨ ਨੂੰ ਪੱਕੇ ਤੌਰ ’ਤੇ ਉਠਾਇਆ ਨਹੀਂ ਗਿਆ।
ਸੈਸ਼ਨ ਸਵੇਰੇ ਗਿਆਰਾਂ ਵਜੇ ਸ਼ੁਰੂ ਹੋਵੇਗਾ ਅਤੇ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ। ਇਸ ਤੋਂ ਬਾਅਦ ਸੈਸ਼ਨ ਦੀ ਕਾਰਵਾਈ ਘੰਟੇ ਲਈ ਮੁਲਤਵੀ ਕਰ ਦਿੱਤੀ ਜਾਵੇਗੀ ਅਤੇ ਮੁੜ 12 ਵਜੇ ਵਿਧਾਨਕ ਕੰਮਕਾਜ ਹੋਵੇਗਾ। ਹਾਲਾਂਕਿ ਵਿਧਾਨ ਸਭਾ ’ਚ ਵਿਧਾਨਕ ਕੰਮਕਾਰ ਬਾਰੇ ਖ਼ਬਰ ਲਿਖੇ ਜਾਣ ਤੱਕ ਕੋਈ ਪ੍ਰੋਗਰਾਮ ਜਾਰੀ ਨਹੀਂ ਹੋਇਆ ਪਰ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਦੱਸਿਆ ਕਿ ਵਿਧਾਨਕ ਕੰਮਕਾਜ ਅਨੁਸਾਰ ਬਕਾਇਦਾ ਪ੍ਰਸ਼ਨ ਕਾਲ, ਸਿਫ਼ਰ ਕਾਲ ਤੇ ਹੋਰ ਕੰਮਕਾਰ ਹੋਵੇਗਾ।
