ਮੁਹਾਲੀ: ਮੋਹਾਲੀ ਦੇ ਪਿੰਡ ਹਰਲਾਲਪੁਰ ਗਲੋਬਲ ਸਿਟੀ ਕਾਲੋਨੀ ਵਿੱਚ ਇੱਕ ਭਰਾ ਨੇ ਆਪਣੇ ਭਤੀਜੇ ਅਤੇ ਭਰਾ ਦਾ ਕਤਲ ਕਰ ਦਿੱਤਾ। ਸਭ ਤੋਂ ਪਹਿਲਾਂ ਉਸ ਨੇ ਚੁੰਨੀ ਨਾਲ ਆਪਣੀ ਭਰਜਾਈ ਦਾ ਗਲਾ ਘੁੱਟਿਆ ਅਤੇ ਫਿਰ ਆਪਣੇ ਭਰਾ ਨੂੰ ਗੰਡਾਸੇ ਨਾਲ ਮਾਰਿਆ। ਇਸ ਤੋਂ ਬਾਅਦ ਦੋ ਸਾਲ ਦੇ ਭਤੀਜੇ ਆਨੰਦ ਦੀ ਹੱਤਿਆ ਕਰ ਦਿੱਤੀ। ਇਨ੍ਹਾਂ ‘ਚੋਂ ਭਰਾ ਦੀ ਲਾਸ਼ ਮੋਰਿੰਡਾ ਸਥਿਤ ਕਜੌਲੀ ਵਾਟਰ ਵਰਕਸ ਤੋਂ ਮਿਲੀ ਹੈ। ਹਨੇਰਾ ਹੋਣ ਕਾਰਨ ਅਜੇ ਤੱਕ ਭਰਜਾਈ-ਭਤੀਜੇ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਹੈ।
ਇਸ ਸਬੰਧੀ ਖਰੜ ਪੁਲਿਸ ਨੇ ਮੁਲਜ਼ਮ ਲਖਬੀਰ ਸਿੰਘ ਲੱਖਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਦਾ ਸਾਥ ਦੇਣ ਵਾਲੇ ਉਸ ਦੇ ਦੋਸ਼ੀ ਦੋਸਤ ਗੁਰਦੀਪ ਸਿੰਘ ਦੀ ਭਾਲ ਜਾਰੀ ਹੈ। ਪੁਲਿਸ ਨੇ ਵਾਰਦਾਤ ਵਿੱਚ ਵਰਤਿਆ ਹਥਿਆਰ ਅਤੇ ਕਾਰ ਬਰਾਮਦ ਕਰ ਲਈ ਹੈ। ਘਟਨਾ ਤੋਂ ਬਾਅਦ ਥਾਣਾ ਸਦਰ ਖਰੜ ਪੁੱਜੇ ਮ੍ਰਿਤਕ ਦੇ ਭਰਾ ਰਣਜੀਤ ਸਿੰਘ ਅਤੇ ਬੇਅੰਤ ਸਿੰਘ ਵਾਸੀ ਫੇਜ਼-4 ਮੁਹਾਲੀ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਦੀ ਭੈਣ ਅਮਨਦੀਪ ਕੌਰ (33) ਦਾ ਵਿਆਹ ਪਿੰਡ ਪੰਧੇਰ ਵਾਸੀ ਸਤਬੀਰ ਸਿੰਘ ਨਾਲ ਹੋਇਆ ਸੀ। ਉਹ ਇਸ ਸਮੇਂ ਗਲੋਬਲ ਸਿਟੀ ਖਰੜ ਵਿੱਚ ਰਹਿੰਦਾ ਸੀ। ਉਸ ਦਾ ਜੀਜਾ ਸਤਵੀਰ ਸਿੰਘ ਵੈੱਬਸਾਈਟ ਡਿਜ਼ਾਈਨਿੰਗ ਦਾ ਕੰਮ ਕਰਦਾ ਸੀ। ਉਸਦਾ ਛੋਟਾ ਭਰਾ ਲਖਵੀਰ ਸਿੰਘ ਲੱਖਾ ਨਸ਼ੇ ਦਾ ਆਦੀ ਹੈ। ਉਹ ਖਰੜ ਵਿੱਚ ਆਪਣੇ ਭਰਾ ਨਾਲ ਰਹਿੰਦਾ ਸੀ।
ਪੁਲਿਸ ਦਾ ਕਹਿਣਾ ਹੈ ਕਿ ਸੂਚਨਾ ਮਿਲਦੇ ਸਾਰ ਹੀ ਕਾਰਵਾਈ ਆਰੰਭ ਕਰ ਦਿੱਤੀ ਅਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਬਾਕੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ।

