ਸ਼੍ਰੋਮਣੀ ਅਕਾਲੀ ਦਲ ਨੇ ਪਿੰਡਾਂ ਅਤੇ ਸ਼ਹਿਰ ਨੂੰ ਤਿੰਨ-ਤਿੰਨ ਸਰਕਲਾਂ ਵਿਚ ਵੰਡਿਆ, ਜਲਦ ਹੋਣਗੀਆਂ ਪ੍ਰਧਾਨਾਂ ਤੇ ਯੂਥ ਪ੍ਰਧਾਨਾਂ ਦੀਆਂ ਨਿਯੁਕਤੀਆਂ

ਮਾਲੇਰਕੋਟਲਾ : ਸ਼੍ਰੋਮਣੀ ਅਕਾਲੀ ਦਲ ਵਿਚ ਬਹੁਤ ਜਲਦ ਨਵੀਆਂ ਨਿਯੁਕਤੀਆਂ ਕੀਤੀਆਂ ਜਾਣਗੀਆਂ। ਇਸ ਲਈ ਹਰ ਪੱਖ ਸੂਚੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ। ਇਸ ਗੱਲ ਦਾ…

ਮਾਲੇਰਕੋਟਲਾ : ਸ਼੍ਰੋਮਣੀ ਅਕਾਲੀ ਦਲ ਵਿਚ ਬਹੁਤ ਜਲਦ ਨਵੀਆਂ ਨਿਯੁਕਤੀਆਂ ਕੀਤੀਆਂ ਜਾਣਗੀਆਂ। ਇਸ ਲਈ ਹਰ ਪੱਖ ਸੂਚੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੀ ਹਲਕਾ ਇੰਚਾਰਜ ਬੀਬਾ ਜ਼ਾਹਿਦਾ ਸੁਲੇਮਾਨ ਨੇ ਇਥੇ ਜਾਰੀ ਇਕ ਬਿਆਨ ਵਿਚ ਕੀਤਾ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਧਲੇਰ, ਸਰਕਲ ਪ੍ਰਧਾਨ  ਗੁਰਮੇਲ ਸਿੰਘ ਨੌਧਰਾਣੀ, ਰਾਜਪਾਲ ਸਿੰਘ ਰਾਜੂ ਚੱਕ ਅਤੇ ਸ਼ਹਿਰੀ ਸਰਕਲ ਪ੍ਰਧਾਨ ਸ਼ਫ਼ੀਕ ਚੌਹਾਨ ਦਰਮਿਆਨ ਹੋਈ ਮੀਟਿੰਗ ਵਿਚ ਨਵੀਆਂ ਨਿਯੁਕਤੀਆਂ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।

ਬੀਬਾ ਜ਼ਾਹਿਦਾ ਸੁਲੇਮਾਨ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਮਾਲੇਰਕੋਟਲਾ ਵਿਚ ਪੈਂਦੇ ਪਿੰਡਾਂ ਨੂੰ ਤਿੰਨ ਸਰਕਲਾਂ ਵਿਚ ਵੰਡਿਆ ਗਿਆ ਹੈ। ਤਿੰਨਾਂ ਸਰਕਲਾਂ ਦੇ ਪ੍ਰਧਾਨ, ਯੂਥ ਪ੍ਰਧਾਨ ਅਤੇ ਐਸ.ਸੀ. ਪ੍ਰਧਾਨ ਨਿਯੁਕਤ ਕੀਤੇ ਜਾਣਗੇ। ਇਸੇ ਤਰ੍ਹਾਂ ਸ਼ਹਿਰ ਵਿਚ ਵਿਧਾਨ ਸਭਾ ਹਲਕਾ ਅਤੇ ਲੋਕ ਸਭਾ ਹਲਕਾ ਮੁਤਾਬਕ ਬਣਾਏ ਗਏ 27 ਵਾਰਡਾਂ ਨੂੰ ਵੀ ਤਿੰਨ ਸਰਕਲਾਂ ਵਿਚ ਵੰਡਿਆ ਗਿਆ ਹੈ। ਇਨ੍ਹਾਂ ਤਿੰਨਾਂ ਸਰਕਲਾਂ ਦੇ ਪ੍ਰਧਾਨ, ਯੂਥ ਪ੍ਰਧਾਨ ਅਤੇ ਐਸ.ਸੀ. ਪ੍ਰਧਾਨ ਨਿਯੁਕਤ ਕੀਤੇ ਜਾਣਗੇ। ਵਪਾਰ ਮੰਡਲ ਅਤੇ ਸਟੂਡੈਂਟਸ ਆਰਗੇਨਾਈਜ਼ੇਸ਼ਨ ਆਫ਼ ਇੰਡੀਆ (ਸੋਈ) ਦੇ ਵਰਕਰਾਂ ਨੂੰ ਅਹੁਦੇਦਾਰੀਆਂ ਦਿਤੀਆਂ ਜਾਣਗੀਆਂ।

ਬੀਬਾ ਜ਼ਾਹਿਦਾ ਸੁਲੇਮਾਨ ਨੇ ਦਾਅਵਾ ਕੀਤਾ ਕਿ ਮਾਲੇਰਕੋਟਲਾ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਨਵਾਂ ਕਾਡਰ ਤਿਆਰ ਹੋ ਚੁੱਕਾ ਹੈ। ਅਕਾਲੀ ਨੇਤਾ ਅਤੇ ਵਰਕਰ ਬਹੁਤ ਹੀ ਗੰਭੀਰਤਾ ਨਾਲ ਹਲਕੇ ਦੇ ਮਸਲਿਆਂ ਨੂੰ ਚੁੱਕ ਰਹੇ ਹਨ। ਅਹੁਦੇਦਾਰੀਆਂ ਅਤੇ ਜ਼ਿੰਮੇਦਾਰੀਆਂ ਮਿਲਣ ਮਗਰੋਂ ਵਰਕਰ ਹੋਰ ਵੀ ਤਨਦੇਹੀ ਨਾਲ ਕੰਮ ਕਰਨਗੇ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੀ ਸਥਾਨਕ ਲੀਡਰਸ਼ਿਪ ਨੇ ਇਹ ਵੀ ਫ਼ੈਸਲਾ ਕੀਤਾ ਹੈ ਕਿ ਹਲਕਾ ਇੰਚਾਰਜ ਬੀਬਾ ਜ਼ਾਹਿਦਾ ਸੁਲੇਮਾਨ ਦੀ ਸਹਾਇਤਾ ਲਈ ਸਿਆਸੀ ਅਤੇ ਮੀਡੀਆ ਸਲਾਹਕਾਰ ਵੀ ਨਿਯੁਕਤ ਕੀਤੇ ਜਾਣਗੇ ਤਾਕਿ ਪਾਰਟੀ ਦੀਆਂ ਗਤੀਵਿਧੀਆਂ ਨੂੰ ਸਹੀ ਅਤੇ ਢੁਕਵੇਂ ਤਰੀਕੇ ਨਾਲ ਚਲਾਇਆ ਜਾ ਸਕੇ।

Leave a Reply

Your email address will not be published. Required fields are marked *