ਚੰਡੀਗੜ੍ਹ: ਚੰਡੀਗੜ੍ਹ ਏਅਰਪੋਰਟ ‘ਤੇ ਕਸਟਮ ਵਿਭਾਗ ਨੇ 12 ਸੋਨੇ ਦੇ ਬਿਸਕੁਟ ਜ਼ਬਤ ਕੀਤੇ ਹਨ। ਇਹ ਸੋਨਾ ਦੁਬਈ ਤੋਂ ਇੰਡੀਗੋ ਦੀ ਫਲਾਈਟ ਵਿੱਚ ਗੈਰ-ਕਾਨੂੰਨੀ ਢੰਗ ਨਾਲ ਲਿਆਂਦਾ ਜਾ ਰਿਹਾ ਸੀ। ਪੁਲਸ ਨੇ ਦੋਸ਼ੀ ਪਤੀ-ਪਤਨੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲੀਸ ਵੱਲੋਂ ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਸੋਨੇ ਦੀ ਕੀਮਤ 83 ਲੱਖ ਰੁਪਏ
ਕਸਟਮ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ 1.4 ਕਿਲੋ ਸੋਨਾ ਲਿਆ ਰਹੇ ਸਨ। ਭਾਰਤੀ ਬਾਜ਼ਾਰ ‘ਚ ਇਸ ਦੀ ਕੀਮਤ ਕਰੀਬ 83 ਲੱਖ ਰੁਪਏ ਹੈ। ਫਿਲਹਾਲ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਨੂੰ ਇਹ ਸੋਨਾ ਦੁਬਈ ਤੋਂ ਖਰੀਦਣ ਲਈ ਪੈਸੇ ਕਿੱਥੋਂ ਮਿਲੇ।
ਤਸਕਰੀ ਦਾ ਨਵਾਂ ਤਰੀਕਾ
ਮੁਲਜ਼ਮਾਂ ਨੇ ਸੋਨੇ ਦੀ ਤਸਕਰੀ ਲਈ ਨਵਾਂ ਤਰੀਕਾ ਅਪਣਾਇਆ ਹੈ। ਮੁਲਜ਼ਮ ਇਹ ਸੋਨਾ ਸਿਗਰਟ ਦੇ ਪੈਕਟਾਂ ਵਿੱਚ ਰੱਖ ਕੇ ਲਿਆ ਰਹੇ ਸਨ ਤਾਂ ਜੋ ਉਹ ਕਸਟਮ ਵਿਭਾਗ ਦੀ ਨਜ਼ਰ ਤੋਂ ਬਚ ਸਕਣ, ਪਰ ਕਸਟਮ ਵਿਭਾਗ ਨੇ ਦੋਵਾਂ ਦੇ ਪ੍ਰੋਫਾਈਲ ਨੂੰ ਦੇਖਦਿਆਂ ਇਨ੍ਹਾਂ ਦੀ ਜਾਂਚ ਕੀਤੀ ਤਾਂ 12 ਬਿਸਕੁਟ ਬਰਾਮਦ ਹੋਏ।
ਪਹਿਲਾਂ ਵੀ ਹੁੰਦੀ ਰਹੀ ਹੈ ਤਸਕਰੀ
ਚੰਡੀਗੜ੍ਹ ਏਅਰਪੋਰਟ ‘ਤੇ ਪਹਿਲਾਂ ਵੀ ਕਈ ਵਾਰ ਸੋਨਾ ਫੜਿਆ ਜਾ ਚੁੱਕਾ ਹੈ। 27 ਮਈ 2022 ਨੂੰ ਇੰਡੀਗੋ ਦੀ ਇੱਕੋ ਫਲਾਈਟ ਤੋਂ ਦੋ ਯਾਤਰੀ ਫੜੇ ਗਏ ਸਨ। ਕਸਟਮ ਵਿਭਾਗ ਨੇ ਉਸ ਦੇ ਕਬਜ਼ੇ ‘ਚੋਂ 2.14 ਕਰੋੜ ਰੁਪਏ ਦਾ ਸੋਨਾ ਬਰਾਮਦ ਕੀਤਾ ਸੀ। ਉਸ ਸੋਨੇ ਦਾ ਭਾਰ 4.142 ਕਿਲੋਗ੍ਰਾਮ ਸੀ। ਮੁਲਜ਼ਮ ਤੌਲੀਏ ਦੇ ਅੰਦਰ ਛੁਪਾ ਕੇ ਸੋਨਾ ਲਿਆ ਰਹੇ ਸਨ।



