ਅੰਮ੍ਰਿਤਸਰ : ਸਿੱਖਾਂ ਦੇ ਪੰਜਵੇਂ ਗੁਰੂ ਅਰਜਨ ਦੇਵ ਜੀ ਨੇ 1604 ਵਿੱਚ ਅੱਜ ਦੇ ਦਿਨ ਹਰਿਮੰਦਰ ਸਾਹਿਬ ਵਿੱਚ ਪਹਿਲੀ ਵਾਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਸੀ। ਉਦੋਂ ਤੋਂ ਹਰ ਸਾਲ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾਂਦਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 419 ਵੇਂ ਪਹਿਲੇ ਪ੍ਰਕਾਸ਼ ਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਗੁਰਦੁਆਰਾ ਬਾਬਾ ਅਟੱਲ ਰਾਇ ਸਾਹਿਬ ਵਿਖੇ ਜਲੌਅ ਸਜਾਏ ਗਏ। ਦੇਸ਼ ਵਿਦੇਸ਼ ਦੀ ਸੰਗਤ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਰਿਵਾਰਾਂ ਸਮੇਤ ਹਾਜ਼ਰੀਆਂ ਭਰੀਆਂ। ਪ੍ਰਕਾਸ਼ ਪੁਰਬ ਦੀਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸੰਗਤ ਨੂੰ ਵਧਾਈਆਂ ਦਿੱਤੀਆਂ। ਫੁੱਲਾਂ ਦੀ ਸਜਾਵਟ ਸੰਗਤਾਂ ਲਈ ਖਿੱਚ ਦਾ ਕੇਂਦਰ ਬਣੀ ਰਹੀ।
ਅੱਜ ਸ਼ਾਮ ਨੂੰ ਹਰਿਮੰਦਰ ਸਾਹਿਬ ਵਿੱਚ ਦੀਪਮਾਲਾ ਅਤੇ ਆਤਿਸ਼ਬਾਜੀ ਕੀਤੀ ਜਾਵੇਗੀ, ਜਿਸ ਨੂੰ ਦੇਖਣ ਲਈ ਲੱਖਾਂ ਦੀ ਗਿਣਤੀ ਵਿੱਚ ਲੋਕ ਪਹੁੰਚ ਰਹੇ ਹਨ। ਲੱਖਾਂ ਦੀ ਗਿਣਤੀ ਵਿਚ ਸੰਗਤਾਂ ਗੁਰੂ ਘਰ ਨਤਮਸਤਕ ਹੋ ਰਹੀਆਂ ਹਨ।



