ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਗੁਰਦਾਸਪੁਰ ਦੇ ਪਿੰਡ ਰਾਣੀਆ ਦੇ ਗੁਰਦੁਆਰਾ ਸਾਹਿਬ ਵਿਚ ਬੇਅਦਬੀ ਕੀਤੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਾਰ ਪਵਿੱਤਰ ਸਰੂਪਾਂ ਨੂੰ ਅੱਜ ਸੋਮਵਾਰ ਨੂੰ ਗੁਰੂ ਮਰਿਆਦਾ ਨਾਲ ਗੁਰਦੁਆਰਾ ਸ੍ਰੀ ਬੁਰਜ਼ ਸਾਹਿਬ ਵਿਚ ਲਿਆਇਆ ਗਿਆ। ਜਾਣਕਾਰੀ ਅਨੁਸਾਰ ਇਨ੍ਹਾਂ ਸਰੂਪਾਂ ਦੀ ਬੇਅਦਬੀ 2016 ਵਿਚ ਹੋਈ ਸੀ ਪਰ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਇਸ ਗੱਲ ਨੂੰ ਲੁਕਾ ਕੇ ਰੱਖਿਆ ਗਿਆ।
ਇਸ ਸਬੰਧਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਝਾ ਜੋਨ ਦੇ ਮੁੱਖ ਪ੍ਰਚਾਰਕ ਭਾਈ ਜਸਵਿੰਦਰ ਸਿੰਘ ਸ਼ਹੂਰ ਅਤੇ ਗੁਰਦੁਆਰਾ ਸ੍ਰੀ ਬੁਰਜ਼ ਸਾਹਿਬ ਧਾਰੀਵਾਲ ਦੇ ਮੈਨੇਜਰ ਧਰਵਿੰਦਰ ਸਿੰਘ ਨੇ ਸਾਂਝੇ ਤੌਰ ਉੱਤੇ ਦੱਸਿਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਐਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਗੁਰੂ ਘਰਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਸਾਂਭ ਸੰਭਾਲ ਅਤੇ ਦੇਖ-ਰੇਖ ਦੀ ਪੜਤਾਲ ਲਈ ਵੱਖ-ਵੱਖ ਪ੍ਰਚਾਰਕਾਂ ਅਤੇ ਐਸਜੀਪੀਸੀ ਕਮੇਟੀ ਦੇ ਮੁਲਾਜ਼ਮਾਂ ਦੀ ਟੀਮਾਂ ਪਿੰਡਾਂ ਅਤੇ ਸ਼ਹਿਰਾਂ ਵਿਚ ਜਾ ਰਹੀਆਂ ਹਨ ਜਿਸ ਤਹਿਤ ਪ੍ਰਚਾਰਕ ਬੀਬੀ ਰਜਬੀਰ ਕੌਰ ਅਤੇ ਬੀਬੀ ਦਲਜੀਤ ਕੌਰ ਵੱਲੋਂ ਗੁਰਦੁਆਰਾ ਗੁਰੂ ਸਿੰਘ ਸਭਾ ਪਿੰਡ ਰਾਣੀਆ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਸਰੂਪਾਂ ਸਬੰਧਿਤ ਜਾਣਕਾਰੀ ਲੈਣ ਪਹੁੰਚੇ।
ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਚ ਕੁੱਲ 7 ਪਵਿੱਤਰ ਸਰੂਪ ਸਨ ਜਿਨ੍ਹਾਂ ਵਿਚੋਂ ਇਕ ਸਰੂਪ ਬਿਰਧ ਸੀ ਜਦਕਿ 4 ਸਰੂਪਾਂ ਦੇ ਅੰਗਾਂ ਨੂੰ ਬੁਰੀ ਤਰ੍ਹਾਂ ਨਾਲ ਫਾੜ ਕੇ ਬੇਅਦਬੀ ਕੀਤੀ ਹੋਈ ਸੀ ਅਤੇ ਬਾਕੀ ਦੇ 2 ਸਰੂਪ ਬਿਲਕੁੱਲ ਠੀਕ ਸਨ। ਉਨ੍ਹਾਂ ਜਾਣਕਾਰੀ ਦਿੱਤੀ ਕਿ ਪ੍ਰਬੰਧਕ ਕਮੇਟੀ ਪ੍ਰਧਾਨ ਗੁਰਦਿਆਲ ਸਿੰਘ ਅਤੇ ਗ੍ਰੰਥੀ ਸਲਵਿੰਦਰ ਸਿੰਘ ਦੇ ਬਿਆਨ ਦਰਜ ਕਰਨ ਤੇ ਆਸ-ਪਾਸ ਦੀ ਸੰਗਤ ਕੋਲੋ ਜਾਣਕਾਰੀ ਲੈਣ ਮਗਰੋਂ ਇਹ ਪਤਾ ਚੱਲਿਆ ਕਿ ਉਕਤ ਸਰੂਪਾਂ ਦੀ ਬੇਅਦਬੀ ਸੰਨ 2016 ਵਿਚ ਹੋਈ ਸੀ ਪਰ ਉਸ ਸਮੇਂ ਸਬੰਧਤ ਕਮੇਟੀ ਨੇ ਇਸ ਨੂੰ ਲੈ ਕੇ ਐਸਜੀਪੀਸੀ, ਸ੍ਰੀ ਅਕਾਲ ਤਖਤ ਸਾਹਿਬ ਜਾਂ ਫਿਰ ਪੁਲਿਸ ਨੂੰ ਸੂਚਨਾ ਨਹੀਂ ਦਿੱਤੀ ਅਤੇ ਇਸ ਬੇਅਦਬੀ ਮਾਮਲੇ ਨੂੰ ਛਿਪਾਉਣ ਦੀ ਕੋਸ਼ਿਸ਼ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਅੱਜ ਉਕਤ ਚਾਰ ਪਵਿੱਤਰ ਸਰੂਪਾਂ ਨੂੰ ਗੁਰੂ ਮਰਿਆਦਾ ਅਨੁਸਾਰ ਗੁਰਦੁਆਰਾ ਬੁਰਜ਼ ਸਾਹਿਬ ਧਾਰੀਵਾਲ ਵਿਚ ਲਿਆਇਆ ਗਿਆ ਹੈ ਅਤੇ ਅੱਗੇ ਕਾਨੂੰਨੀ ਤੇ ਧਾਰਮਿਕ ਕਾਰਵਾਈ ਐਸਜੀਪੀਸੀ ਤੇ ਅਕਾਲ ਤਖਤ ਸਾਹਿਬ ਦੇ ਹੁਕਮ ਮੁਤਾਬਕ ਹੋਵੇਗੀ ਅਤੇ ਜਾਂਚ ਵਿਚ ਦੋਸ਼ੀ ਪਾਏ ਜਾਣ ਵਾਲੇ ਨੂੰ ਕਿਸੇ ਕੀਮਤ ਉੱਤੇ ਬਖਸ਼ਿਆ ਨਹੀਂ ਜਾਵੇਗਾ।

