ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਕਾਂਗਰਸ ਦੇ ਕਈ ਵਿਧਾਇਕਾਂ ਅਤੇ ਮੈਡੀਕਲ ਮਾਹਿਰਾਂ ਦੁਆਰਾ ਦਿੱਤੇ ਗਏ ਸੁਝਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਹਿਰੀ ਖੇਤਰਾਂ ਵਿੱਚ ਕੁਝ ਛੋਟਾਂ ਦਾ ਐਲਾਨ ਕੀਤਾ ਹੈ ਜਿਸ ਵਿਚ ਹੁਣ ਸ਼ਨੀਵਾਰ ਨੂੰ ਗੈਰ-ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਖੋਲ੍ਹਣਾ ਤੇ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਰਾਤ 9 ਵਜੇ ਤੱਕ ਉਨਾਂ ਨੂੰ ਸਮੇਂ ਵਿੱਚ ਛੋਟ ਦੇਣਾ ਸ਼ਾਮਲ ਹੈ।
ਸੋਧੇ ਗਏ ਫੈਸਲੇ ਅਨੁਸਾਰ ਸਾਰੇ ਸ਼ਹਿਰਾਂ/ਕਸਬਿਆਂ ਵਿੱਚ ਹੁਣ ਰਾਤ 9:30 ਤੋਂ ਲੈ ਕੇ ਸਵੇਰੇ 5:00 ਵਜੇ ਤੱਕ ਕਰਫਿਊ ਰਹੇਗਾ। ਹੋਟਲਾਂ ਅਤੇ ਰੈਸਟੋਰੈਂਟਾਂ ਨੂੰ ਸਾਰੇ ਦਿਨਾਂ ਦੌਰਾਨ ਜਿਨਾਂ ਵਿੱਚ ਐਤਵਾਰ ਵੀ ਸ਼ਾਮਲ ਹੋਵੇਗਾ, ਰਾਤ 9:00 ਵਜੇ ਤੱਕ ਖੁੱਲੇ ਰਹਿਣ ਦੀ ਇਜਾਜ਼ਤ ਹੋਵੇਗੀ। ਇਸ ਤੋਂ ਇਲਾਵਾ ਸਮੇਂ ਤੋਂ ਬਾਅਦ ਖਾਣੇ ਦੀ ਹੋਮ ਡਿਲੀਵਰੀ ਦੀ ਵੀ ਆਗਿਆ ਦਿੱਤੀ ਗਈ ਹੈ। ਪੰਜਾਬ ਸਰਕਾਰ ਵੱਲੋਂ ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਮੁਹਾਲੀ ਵਿੱਚ ਗੈਰ-ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਦੇ ਖੋਲੇ ਜਾਣ ਨੂੰ ਬਾਕੀ ਦੀ ਟ੍ਰਾਈਸਿਟੀ ਭਾਵ ਚੰਡੀਗੜ ਅਤੇ ਪੰਚਕੂਲਾ ਨਾਲ ਜੋੜਿਆ ਜਾਵੇ। ਸਿੱਧੇ ਸ਼ਬਦਾਂ ਵਿਚ ਕਹੀਏ ਤਾਂ ਮੁਹਾਲੀ ਵਿਚ ਟ੍ਰਾਈਸਿਟੀ ਵਾਲੇ ਹੁਕਮ ਲਾਗੂ ਹੋਣਗੇ।
ਇਨ੍ਹਾਂ ਫੈਸਲਿਆਂ ਦਾ ਐਲਾਨ ਮੁੱਖ ਮੰਤਰੀ ਵੱਲੋਂ ਪੰਜਾਬ ਕਾਂਗਰਸ ਦੇ ਵਿਧਾਇਕਾਂ ਨਾਲ ਕੋਵਿਡ ਦੀ ਸਥਿਤੀ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਸੱਦੀ ਵਰਚੁਅਲ ਮੀਟਿੰਗ ਦੇ ਦੂਜੇ ਦੌਰ ਮੌਕੇ ਕੀਤਾ ਗਿਆ। ਕੈਪਟਨ ਅਮਰਿੰਦਰ ਸਿੰਘ ਨੇ ਮੀਟਿੰਗ ਮੌਕੇ ਦੱਸਿਆ ਕਿ ਡਾ. ਕੇ.ਕੇ. ਤਲਵਾੜ, ਜੋ ਕਿ ਕੋਵਿਡ ਸਬੰਧੀ ਸੂਬਾ ਸਰਕਾਰ ਦੇ ਮਾਹਿਰ ਗਰੁੱਪ ਦੇ ਮੁਖੀ ਹਨ, ਨੇ ਸਮੂਹ ਸਾਵਧਾਨੀਆਂ ਨਾਲ ਇਹ ਛੋਟਾਂ ਦੇਣ ਦੀ ਸਲਾਹ ਦਿੱਤੀ ਹੈ।ਦੁਕਾਨਦਾਰਾਂ ਵੱਲੋਂ ਕਾਫੀ ਲੰਮੇ ਸਮੇਂ ਲਈ ਉਨਾਂ ਦੀਆਂ ਦੁਕਾਨਾਂ ਬੰਦ ਰਹਿਣ ਦੇ ਬਾਵਜੂਦ ਭਾਰੀ ਬਿੱਲ ਆਉਣ ਦੀਆਂ ਸ਼ਿਕਾਇਤਾਂ ਬਾਰੇ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਨੇ ਬਿਜਲੀ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਬੀਤੇ ਵਰੇ ਦੀ ਔਸਤ ਦੇ ਹਿਸਾਬ ਨਾਲ ਬਿੱਲ ਨਾ ਲਏ ਜਾਣ ਸਗੋਂ ਅਸਲ ਬਿੱਲ ਭੇਜੇ ਜਾਣ।
