ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਜੇਈਈ ਅਤੇ ਨੀਟ ਦੀਆਂ ਪ੍ਰੀਖਿਆਵਾਂ ਲੈਣ ਦੇ ਵਿਰੋਧ ਵਿਚ ਅੱਜ ਵੀਰਵਾਰ ਨੂੰ ਕਾਂਗਰਸ ਦੀ ਯੂਥ ਵਿੰਗ ਐਨਐਸਯੂਆਈ ਦੁਆਰਾ ਸੜਕਾਂ ਉੱਤੇ ਉੱਤਰ ਕੇ ਚੰਡੀਗੜ੍ਹ ਅਤੇ ਅੰਮ੍ਰਿਤਸਰ ਵਿਚ ਕੇਂਦਰ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ ਗਿਆ ਹੈ। ਯੂਥ ਕਾਂਗਰਸ ਦੇ ਵਰਕਰ ਇਨ੍ਹਾਂ ਪ੍ਰੀਖਿਆਵਾਂ ਨੂੰ ਕੋਰੋਨਾ ਮਹਾਂਮਾਰੀ ਕਾਰਨ ਮੁਲਤਵੀ ਕਰਨ ਅਤੇ ਇਕ ਚੰਗੇ ਮਾਹੌਲ ਵਿਚ ਆਯੋੋਜਿਤ ਕਰਵਾਉਣ ਦੀ ਮੰਗ ਕਰ ਰਹੇ ਸਨ।
ਚੰਡੀਗੜ੍ਹ ਵਿਚ ਯੂਥ ਕਾਂਗਰਸ ਦੇ ਵਰਕਰਾਂ ਨੇ ਸੈਕਟਰ ਸੱਤ ਵਿਚ ਜੇਈਈ ਅਤੇ ਨੀਟ ਦੀਆਂ ਪ੍ਰੀਖਿਆਵਾਂ ਦੇ ਵਿਰੋਧ ਵਿਚ ਜ਼ੋਰਦਾਰ ਪ੍ਰਦਰਸ਼ਨ ਕੀਤਾ ਅਤੇ ਭਾਜਪਾ ਸਾਂਸਦ ਕਿਰਨ ਖੇਰ ਦੇ ਘਰ ਨੂੰ ਘੇਰਣ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿਚ ਲੈ ਲਿਆ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਜੇਕਰ ਇਹ ਪ੍ਰੀਖਿਆਵਾਂ ਹੋਣਗੀਆਂ ਤਾਂ ਕੋਰੋਨਾ ਫੈਲਣ ਦਾ ਖਤਰਾ ਹੈ ਜਿਸ ਕਰਕੇ ਇਨ੍ਹਾਂ ਨੂੰ ਮੁਲਤਵੀ ਕਰਵਾਉਣ ਲਈ ਇਹ ਮੁਜ਼ਹਾਰਾ ਕੀਤਾ ਜਾ ਰਿਹਾ ਹੈ।
ਦੂਜੇ ਪਾਸੇ ਅੰਮ੍ਰਿਤਸਰ ਵਿਚ ਵੀ ਕਾਂਗਰਸ ਦੀ ਯੂਥ ਵਿੰਗ ਐਨਐਸਯੂਆਈ ਨੇ ਨੀਟ ਅਤੇ ਜੇਈਈ ਦੀਆਂ ਪ੍ਰੀਖਿਆ ਦੇ ਵਿਰੋਧ ਵਿਚ ਮੋਦੀ ਸਰਕਾਰ ਵਿਰੁੱਧ ਰੋਸ ਮੁਜ਼ਹਾਰਾ ਕੀਤਾ ਹੈ। ਇਸ ਮੌਕੇ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਪ੍ਰੀਖਿਆ ਦੇਣ ਲਈ ਵਿਦਿਆਰਥੀ ਦੂਰ-ਦੂਰ ਤੋਂ ਸੈਂਟਰਾਂ ਵਿਚ ਆਉਣਗੇ ਅਤੇ ਇਕ-ਦੂਸਰੇ ਦੇ ਸੰਪਰਕ ਵਿਚ ਆਉਣ ਕਰਕੇ ਕੋਰੋਨਾ ਫੈਲਣ ਦਾ ਖਤਰਾ ਹੈ ਜਿਸ ਕਰਕੇ ਕੇਂਦਰ ਸਰਕਾਰ ਨੂੰ ਪ੍ਰੀਖਿਆਵਾਂ ਮੁਲਤਵੀ ਕਰਕੇ ਦਸਬੰਰ ਜਾਂ ਫਿਰ ਅਗਲੇ ਸਾਲ ਤੱਕ ਇਕ ਚੰਗੇ ਮਾਹੌਲ ਵਿਚ ਆਯੋਜਿਤ ਕਰਨੀਆਂ ਚਾਹੀਦੀਆਂ ਹੈ। ਦੱਸ ਦਈਏ ਕਿ ਜੇਈਈ(ਮੇਨ) ਦੀ ਪ੍ਰੀਖਿਆ 1 ਤੋਂ 6 ਸਤੰਬਰ ਵਿਚਾਲੇ ਹੋਵੇਗੀ, ਜਦਕਿ ਨੀਟ ਦੀ ਪ੍ਰੀਖਿਆ 13 ਸਤੰਬਰ ਨੂੰ ਹੋਵੇਗੀ। ਉੱਥੇ ਹੀ ਜੇਈਈ ਐਡਵਾਂਸ ਦੀ ਪ੍ਰੀਖਿਆ 27 ਸਤੰਬਰ ਨੂੰ ਲਈ ਜਾਵੇਗੀ।


