ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅੱਜ ਬੁੱਧਵਾਰ ਨੂੰ ਸੁਰੱਖਿਆ ਕਰਮੀਆਂ ਨੇ ਸੰਸਦ ਭਵਨ ਦੇ ਕੋਲ ਵਿਜੇ ਚੌਕ ਉੱਤੇ ਇੱਕ ਸ਼ੱਕੀ ਵਿਅਕਤੀ ਨੂੰ ਆਪਣੀ ਹਿਰਾਸਤ ਵਿਚ ਲਿਆ ਹੈ। ਸ਼ੁਰੂ ਵਿਚ ਪੁੱਛਗਿੱਛ ਕਰਨ ਉੱਤੇ ਇਹ ਵਾਰ-ਵਾਰ ਆਪਣੇ ਬਿਆਨ ਬਦਲ ਰਿਹਾ ਸੀ ਅਤੇ ਤਲਾਸ਼ੀ ਦੌਰਾਨ ਉਸ ਕੋਲੋਂ ਇਕ ਚਿੱਠੀ ਵੀ ਮਿਲੀ ਹੈ ਜੋ ਕਿ ਕੋਡਵਰਡ ਵਿਚ ਲਿਖੀ ਹੋਈ ਹੈ ਜਿਸ ਕਰਕੇ ਇਸ ਉੱਤੇ ਸ਼ੱਕ ਹੋਰ ਵੀ ਵੱਧ ਗਿਆ ਹੈ। ਉੱਥੇ ਹੀ ਸ਼ੱਕੀ ਵਿਅਕਤੀ ਕੋਲੋਂ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਪੁੱਛਗਿੱਛ ਕਰ ਰਹੀਆਂ ਹਨ।
ਮੀਡੀਆ ਰਿਪੋਰਟਾਂ ਅਨੁਸਾਰ ਇਹ ਸ਼ੱਕੀ ਵਿਅਕਤੀ ਜਦੋਂ ਸੰਸਦ ਭਵਨ ਦੇ ਆਸ-ਪਾਸ ਘੁੰਮ ਰਿਹਾ ਸੀ, ਉਦੋਂ ਡਿਊਟੀ ‘ਤੇ ਤਾਇਨਾਤ ਸੀਆਰਪੀਐਫ ਦੇ ਜਵਾਨਾਂ ਦੀ ਉਸ ਉੱਤੇ ਨਜ਼ਰ ਗਈ ਤਾਂ ਉਸ ਨੂੰ ਫੜ ਲਿਆ ਗਿਆ ਅਤੇ ਉਹ ਪੁੱਛਗਿੱਛ ਦੌਰਾਨ ਵੱਖ-ਵੱਖ ਜਾਣਕਾਰੀਆਂ ਦੇਣ ਲੱਗਿਆ। ਸ਼ੁਰੂਆਤੀ ਪੁੱਛਗਿੱਛ ਵਿਚ ਪਤਾ ਚੱਲਿਆ ਕਿ ਉਹ ਦਿੱਲੀ ਵਿਚ ਕਦੇ ਜਾਮਾ ਮਸਜਿਦ, ਕਦੇ ਜਾਮੀਆ ਅਤੇ ਕਦੇ ਨਿਜ਼ਾਮੁਦੀਨ ਵਿਚ ਰਹਿ ਰਿਹਾ ਸੀ। ਉਸ ਦੇ ਕੋਲੋਂ ਵੱਖ-ਵੱਖ ਦੋ ਪਹਿਚਾਣ ਪੱਤਰ ਵੀ ਮਿਲੇ ਹਨ ਅਤੇ ਦੋਵਾਂ ਉੱਤੇ ਵੱਖ-ਵੱਖ ਨਾਮ ਦਰਜ ਹਨ। ਆਈਡੀ ਕਾਰਡ ਡ੍ਰਾਈਵਿੰਗ ਲਾਇਸੈਂਸ ਉੱਤੇ ਰਤਸੂਨ ਬੀਰਵਾਹ ਨਾਮ ਲਿਖਿਆ ਹੈ ਅਤੇ ਆਧਾਰ ਕਾਰਡ ਉੱਤੇ ਮੰਜੂਰ ਅਹਿਮਦ ਨਾਮ ਦਰਜ ਹੈ, ਜਦਕਿ ਦੋਵੇਂ ਆਈਡੀ ਕਾਰਡਾਂ ਵਿਚ ਪਤਾ ਜੰਮੂ-ਕਸ਼ਮੀਰ ਦਾ ਹੈ। ਉਹ ਪੁੱਛਗਿੱਛ ਦੌਰਾਨ ਕਦੇ ਕਹਿ ਰਿਹਾ ਸੀ ਕਿ ਉਹ 2016 ਵਿਚ ਦਿੱਲੀ ਘੁੰਮਣ ਆਇਆ ਸੀ ਅਤੇ ਕਦੇ ਦੱਸ ਰਿਹਾ ਸੀ ਕਿ ਲਾਕਡਾਊਨ ਵਿਚ ਦਿੱਲੀ ਆਇਆ ਸੀ। ਉਸ ਦੇ ਲਗਾਤਾਰ ਬਦਲ ਰਹੇ ਬਿਆਨਾਂ ਤੋਂ ਬਾਅਦ ਸੀਆਰਪੀਐਫ ਦੇ ਜਵਾਨਾਂ ਨੇ ਸ਼ੱਕ ਦੇ ਆਧਾਰ ਉੱਤੇ ਉਸ ਨੂੰ ਦਿੱਲੀ ਪੁਲਿਸ ਦੇ ਹਵਾਲੇ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਸੰਸਦ ਭਵਨ ਦੇ ਥਾਣੇ ਵਿਚ ਉਸ ਤੋਂ ਪੁੱਛਗਿੱਛ ਜਾਰੀ ਹੈ। ਪੁਲਿਸ ਤੋਂ ਇਲਾਵਾ ਆਈਬੀ ਅਤੇ ਹੋਰ ਖੁਫੀਆ ਏਜੰਸੀਆਂ ਵੀ ਉਸ ਤੋਂ ਪੁੱਛਗਿੱਛ ਕਰ ਰਹੀਆਂ ਹਨ।
