ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਕੇਂਦਰੀ ਸ਼ਹਿਰੀ ਵਿਕਾਸ ਮੰਤਰਾਲੇ ਨੇ ਅੱਜ ਵੀਰਵਾਰ ਨੂੰ ਸਵੱਛਤਾ ਸਿਟੀ ਸਰਵੇਖਣ ਦੀ ਰਿਪੋਰਟ ਨੂੰ ਜਾਰੀ ਕਰ ਦਿੱਤਾ ਹੈ ਜਿਸ ਵਿਚ ਲਗਾਤਾਰ ਚੌਥੀ ਵਾਰ ਮੱਧ ਪ੍ਰਦੇਸ਼ ਦੇ ਸ਼ਹਿਰ ਇੰਦੌਰ ਨੇ ਸੱਭ ਤੋਂ ਸਾਫ-ਸੁੱਥਰੇ ਸ਼ਹਿਰ ਦਾ ਖਿਤਾਬ ਪ੍ਰਪਤ ਕੀਤਾ ਹੈ। ਉੱਥੇ ਹੀ ਗੁਜਰਾਤ ਦੇ ਸੂਰਤ ਨੂੰ ਦੂਜਾ ਅਤੇ ਮਹਾਰਾਸ਼ਟਰ ਦੇ ਨਵੀਂ ਮੁੰਬਈ ਨੂੰ ਤੀਜਾ ਸਥਾਨ ਪ੍ਰਾਪਤ ਹੋਇਆ ਹੈ।
ਸਵੱਛਤਾ ਸਰਵੇਖਣ ਦੇ ਨਤੀਜ਼ਿਆਂ ਵਿਚ ਇੰਦੌਰ 2017 ‘ਚ ਪਹਿਲੀ ਵਾਰ ਅਵੱਲ ਆਇਆ ਸੀ ਅਤੇ ਉਸ ਤੋਂ ਬਾਅਦ ਉਹ ਲਗਾਤਾਰ 2018, 2019 ਅਤੇ ਹੁਣ 2020 ਵਿਚ ਸੱਭ ਤੋਂ ਸਾਫ ਸੁੱਥਰੇ ਸ਼ਹਿਰ ਦਾ ਖਿਤਾਬ ਆਪਣੇ ਨਾਮ ਕਰਨ ਵਿਚ ਸਫਲ ਰਿਹਾ ਹੈ ਜਿਸ ਲਈ ਸ਼ਹਿਰੀ ਵਿਕਾਸ ਮੰਤਰਾਲੇ ਦੇ ਮੰਤਰੀ ਹਰਦੀਪ ਪੁਰੀ ਨੇ ਮੁੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਵਧਾਈ ਦਿੱਤੀ ਹੈ। ਇਸ ਤੋਂ ਇਲਾਵਾ ਸ਼ਹਿਰੀ ਵਿਕਾਸ ਮੰਤਰਾਲੇ ਨੇ ਦੱਸਿਆ ਹੈ ਕਿ ਪ੍ਰਾਚੀਨ ਪਵਿੱਤਰ ਸ਼ਹਿਰ ਵਾਰਾਨਸੀ ਗੰਗਾ ਨਦੀ ਦੇ ਕਿਨਾਰੇ ਵਸਿਆ ਸੱਭ ਤੋਂ ਸਾਫ ਸ਼ਹਿਰ ਹੈ ਜਿਸ ਉੱਤੇ ਹਰਦੀਪ ਪੁਰੀ ਨੇ ਕਿਹਾ ਹੈ ਕਿ ਲੋਕਸਭਾ ਵਿਚ ਸ਼ਹਿਰ ਦਾ ਨੁਮਾਇੰਦਗੀ ਕਰਨ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਉਨ੍ਹਾਂ ਦੀ ਦੂਰਅੰਦੇਸ਼ੀ ਅਗਵਾਈ ਲਈ ਵਧਾਈ ਜਿਨ੍ਹਾਂ ਨੇ ਇਸ ਪ੍ਰਾਪਤੀ ਲਈ ਸ਼ਹਿਰ ਦੇ ਲੋਕਾਂ ਨੂੰ ਪ੍ਰੇਰਿਤ ਕੀਤਾ।
ਉੱਥੇ ਹੀ ਸ਼ਹਿਰੀ ਵਿਕਾਸ ਮੰਤਰਾਲੇ ਨੇ ਰਿਪੋਰਟ ਵਿਚ ਦੱਸਿਆ ਹੈ ਕਿ ਜਲੰਧਰ ਕੈਂਟ ਦੇਸ਼ ਦਾ ਸੱਭ ਤੋਂ ਸਾਫ ਕੈਂਟ ਏਰੀਆ ਹੈ। ਇਸ ਦੇ ਲਈ ਹਰਦੀਪ ਪੁਰੀ ਨੇ ਭਾਰਤੀ ਸੈਨਾ ਨੂੰ ਵਧਾਈ ਦਿੱਤੀ ਹੈ। ਰਿਪੋਰਟ ਵਿਚ 100 ਤੋਂ ਵੱਧ ਸ਼ਹਿਰਾਂ ਵਾਲੇ ਸੂਬਿਆਂ ਵਿਚ ਸੱਭ ਤੋਂ ਸਾਫ ਛੱਤੀਸਗੜ੍ਹ ਅਤੇ 100 ਘੱਟ ਸ਼ਹਿਰਾਂ ਵਾਲੇ ਸੂਬਿਆਂ ਵਿਚ ਸੱਭ ਤੋਂ ਸਾਫ ਸੁੱਥਰਾ ਝਾਰਖੰਡ ਨੂੰ ਐਲਾਨਿਆ ਗਿਆ ਹੈ।
