ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਜ਼ਹਿਰੀਲੀ ਸ਼ਰਾਬ ਦੇ ਮਾਮਲੇ ਉੱਤੇ ਹੁਣ ਪੰਜਾਬ ਕਾਂਗਰਸ ਵਿਚ ਹੀ ਘਮਾਸਾਨ ਮੱਚਦਾ ਵਿਖਾਈ ਦੇ ਰਿਹਾ ਹੈ। ਦਰਅਸਲ ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦਾ ਜ਼ਿੰਮੇਵਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਠਹਿਰਾ ਦਿੱਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਉੱਤੇ ਵੀ ਨਿਸ਼ਾਨਾ ਸਾਧਿਆ ਹੈ ਅਤੇ ਉਨ੍ਹਾਂ ਨੂੰ ਪਾਰਟੀ ਵਿਚੋਂ ਕੱਢਣ ਦੇ ਦਿੱਤੇ ਬਿਆਨ ਦਾ ਵੀ ਜਵਾਬ ਦਿੱਤਾ ਹੈ।
ਦਰਅਸਲ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰਨ ਵਾਲਿਆਂ ਦੇ ਪੀੜਤ ਪਰਿਵਾਰਾਂ ਨੂੰ ਮਿਲਣ ਲਈ ਬਟਾਲਾ ਪਹੁੰਚੇ ਸਾਂਸਦ ਪ੍ਰਤਾਪ ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ ਗੁਟਕਾ ਸਾਹਿਬ ਹੱਥ ਵਿਚ ਰੱਖ ਕੇ ਚਾਰ ਹਫਤਿਆਂ ਅੰਦਰ ਪੰਜਾਬ ਵਿਚੋਂ ਨਸ਼ਾ ਖਤਮ ਕਰਨ ਦੀ ਗੱਲ ਕਹੀ ਸੀ ਪਰ ਇੰਨੇ ਸਾਲਾਂ ਬਾਅਦ ਵੀ ਜ਼ਹਿਰੀਲੀ ਸ਼ਰਾਬ ਕਾਰਨ ਪੰਜਾਬ ਵਿਚ ਇੰਨੇ ਵੱਡੇ ਪੱਧਰ ਉੱਤੇ ਮੌਤਾਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ”ਐਕਸਾਈਜ਼ ਅਤੇ ਗ੍ਰਹਿ ਵਿਭਾਗ ਸੀਐਮ ਕੈਪਟਨ ਅਮਰਿੰਦਰ ਸਿੰਘ ਕੋਲ ਹੈ ਜਿਸ ਕਰਕੇ ਇਨ੍ਹਾਂ ਮੌਤਾਂ ਦੀ ਜ਼ਿੰਮੇਵਾਰੀ ਵੀ ਉਨ੍ਹਾਂ ਦੀ ਹੀ ਬਣਦੀ ਹੈ”। ਉੱਥੇ ਹੀ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਉੱਤੇ ਸ਼ਬਦੀ ਹਮਲਾ ਕਰਦਿਆਂ ਬਾਜਵਾ ਨੇ ਉਨ੍ਹਾਂ ਨੂੰ ਸ਼ਕੂਨੀ ਤੱਕ ਕਹਿ ਦਿੱਤਾ। ਦਰਅਸਲ ਪ੍ਰਤਾਪ ਸਿੰਘ ਬਾਜਵਾ ਅਤੇ ਸਮਸ਼ੇਰ ਸਿੰਘ ਦੂਲੋ ਦੁਆਰਾ ਜ਼ਹਿਰੀਲੀ ਸ਼ਰਾਬ ਦੇ ਨਾਲ ਹੋਈਆਂ ਮੌਤਾਂ ਦੇ ਮੁੱਦੇ ਉੱਤੇ ਆਪਣੀ ਹੀ ਕੈਪਟਨ ਸਰਕਾਰ ਨੂੰ ਨਿਸ਼ਾਨੇ ਉੱਤੇ ਲਿਆ ਸੀ ਇਸ ਤੋਂ ਬਾਅਦ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਦੋਵਾਂ ਸਾਂਸਦਾਂ ਨੂੰ ਪਾਰਟੀ ਤੋਂ ਬਾਹਰ ਕੱਢਣ ਦੀ ਮੰਗ ਕੀਤੀ ਸੀ ਜਿਸ ਦਾ ਜਵਾਬ ਦਿੰਦਿਆ ਪ੍ਰਤਾਪ ਬਾਜਵਾ ਨੇ ਕਿਹਾ ਕਿ ਜਾਖੜ ਸਾਨੂੰ ਪਾਰਟੀ ਵਿਚੋਂ ਕੱਢਣ ਵਾਲਾ ਕੋਣ ਹੁੰਦਾ ਹੈ।
