ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਕੋਰੋਨਾ ਵਾਇਰਸ ਕਰਕੇ ਲਗਾਤਾਰ ਮੁਲਤਵੀ ਹੋਏ ਆਈਪੀਐਲ ਸੀਜ਼ਨ 13 ਦਾ ਆਗਾਜ਼ ਹੁਣ 19 ਸਤੰਬਰ ਨੂੰ ਯੂਏਈ ਵਿਚ ਹੋਣ ਜਾ ਰਿਹਾ ਹੈ। ਉੱਥੇ ਹੀ ਹੁਣ ਭਾਰਤ ਸਰਕਾਰ ਨੇ ਆਈਪੀਐਲ 2020 ਨੂੰ ਦੇਸ਼ ਤੋਂ ਬਾਹਰ ਆਯੋਜਿਤ ਕਰਵਾਉਣ ਲਈ ਬੀਸੀਸੀਆਈ ਨੂੰ ਆਗਿਆ ਵੀ ਦੇ ਦਿੱਤੀ ਹੈ ਜਿਸ ਤੋਂ ਬਾਅਦ ਆਈਪੀਐਲ ਦੀਆਂ ਸਾਰੀਆਂ ਅੱਠ ਟੀਮਾਂ ਨੇ ਇਸ ਟੂਰਨਾਮੈਂਟ ਲਈ ਤਿਆਰੀਆਂ ਨੂੰ ਖਿੱਚ ਦਿੱਤਾ ਹੈ।
ਜਾਣਕਾਰੀ ਅਨੁਸਾਰ ਬੀਸੀਸੀਆਈ ਆਈਪੀਐਲ ਦਾ ਆਯੋਜਨ ਦੇਸ਼ ਤੋਂ ਬਾਹਰ ਕਰਵਾਉਣ ਲਈ ਗ੍ਰਹਿ ਮੰਤਰਾਲੇ ਦੀ ਆਗਿਆ ਦੀ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੀ ਸੀ ਅਤੇ ਹੁਣ ਗ੍ਰਹਿ ਮੰਤਰਾਲੇ ਵੱਲੋਂ ਬੀਸੀਸੀਆਈ ਨੂੰ ਹਰੀ ਝੰਡੀ ਦੇ ਦਿੱਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਬੀਸੀਸੀਆਈ ਦੇ ਇਕ ਸੂਤਰ ਨੇ ਦੱਸਿਆ ਹੈ ਕਿ ”ਸਾਨੂੰ ਸਿਧਾਂਤਕ ਤੌਰ ਉੱਤੇ ਪ੍ਰਵਾਨਗੀ ਦਿੱਤੀ ਗਈ ਹੈ ਅਤੇ ਕਿਸੇ ਵੀ ਸਮੇਂ ਲਿਖਤ ਵਿਚ ਵੀ ਪ੍ਰਵਾਨਗੀ ਦਿੱਤੀ ਜਾਵੇਗੀ। ਬੀਸੀਸੀਆਈ ਦੇ ਆਦੇਸ਼ਾਂ ਅਨੁਸਾਰ 20 ਅਗਸਤ ਤੋਂ ਬਾਅਦ ਜ਼ਿਆਦਾਤਰ ਫਰੈਂਚਾਇਜ਼ੀ ਟੀਮਾਂ ਬੇਸ ਲਈ ਰਵਾਨਾ ਹੋਣਗੀਆਂ। ਚੇਨੰਈ ਸੁਪਰਕਿੰਗਜ਼ 22 ਅਗਸਤ ਨੂੰ ਰਵਾਨਾ ਹੋਵੇਗੀ। ਸਾਰੀਆਂ ਟੀਮਾਂ ਲਈ ਕੋਰੋਨਾ ਟੈਸਟ ਅਤੇ ਕੋਵਿਡ 19 ਨਾਲ ਜੁੜੇ ਨਿਯਮਾਂ ਦੀ ਪਾਲਣਾ ਕਰਨਾ ਲਾਜ਼ਮੀ ਹੈ”। ਜ਼ਿਕਰਯੋਗ ਹੈ ਕਿ ਆਈਪੀਐਲ ਦੇ 13ਵੇਂ ਸੀਜ਼ਨ ਦਾ ਆਯੋਜਨ 28 ਮਾਰਚ ਤੋਂ ਹੋਣਾ ਸੀ ਪਰ ਕੋਰੋਨਾ ਕਾਰਨ ਟੂਰਨਾਮੈਂਟ ਨੂੰ ਪਹਿਲਾਂ 15 ਅਪ੍ਰੈਲ ਤੱਕ ਟਾਲਿਆ ਗਿਆ ਅਤੇ ਫਿਰ ਲਾਕਡਾਊਨ ਕਰਕੇ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਸੀ ਪਰ ਹੁਣ ਆਈਪੀਐਲ ਦੇ ਸੀਜ਼ਨ 13 ਦੀ ਸ਼ੁਰੂਆਤ 19 ਸਤੰਬਰ ਤੋਂ ਯੂਏਈ ਵਿਚ ਹੋਣ ਜਾ ਰਹੀ ਹੈ ਅਤੇ ਟੂਰਨਾਮੈਂਟ ਦਾ ਫਾਇਨਲ ਮੈਚ 8 ਨਵੰਬਰ ਨੂੰ ਖੇਡਿਆ ਜਾਵੇਗਾਤੇ ਇਸ ਵਾਰ ਆਈਪੀਐਲ 51 ਦਿਨ ਚੱਲੇਗਾ। ਦੂਜੇ ਪਾਸੇ ਬੀਸੀਸੀਆਈ ਨੇ ਆਈਪੀਐਲ 2020 ਦੇ ਲਈ ਚਾਈਨਿਜ਼ ਮੋਬਾਇਲ ਕੰਪਨੀ ਵੀਵੋ(VIVO) ਦੇ ਨਾਲ ਆਪਣਾ ਕਰਾਰ ਖਤਮ ਕਰ ਲਿਆ ਹੈ। ਭਾਵ ਆਈਪੀਐਲ ਦੇ ਇਸ ਸੀਜ਼ਨ ਵਿਚ ਇਹ ਚੀਨੀ ਮੋਬਾਇਲ ਕੰਪਨੀ ਸਪਾਂਸਰ ਨਹੀਂ ਹੋਵੇਗੀ।
