ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅੱਜ ਬੁੱਧਵਾਰ ਨੂੰ ਅਯੁੱਧਿਆ ਵਿਚ ਰਾਮ ਮੰਦਰ ਨਿਰਮਾਣ ਲਈ ਭੂਮੀ ਪੂਜਨ ਕੀਤਾ ਜਾਣਾ ਹੈ ਜਿਸ ਨੂੰ ਲੈ ਕੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਸੁਰੱਖਿਆ ਦੇ ਵਿਸ਼ੇਸ਼ ਇੰਤਜ਼ਾਮ ਕੀਤੇ ਗਏ ਹਨ। ਇਸ ਸਮਾਗਮ ਵਿਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ, ਆਰਐਸਐਸ ਮੁੱਖੀ ਮੋਹਨ ਭਾਗਵਤ, ਯੂਪੀ ਦੀ ਰਾਜਪਾਲ ਆਨੰਦੀਬੇਨ ਪਟੇਲ ਅਤੇ ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਮੁੱਖੀ ਮਹੰਤ ਨ੍ਰਿਤਿਆ ਗੋਪਾਲ ਦਾਸ ਸਮੇਤ ਕਈ ਵੱਡੀ ਹਸਤੀਆਂ ਸ਼ਿਰਕਤ ਕਰਨਗੀਆਂ।
ਜਾਣਕਾਰੀ ਅਨੁਸਾਰ ਦੁਪਹਿਰ 12 ਵੱਜ ਕੇ 44 ਮਿੰਟ ਉੱਤੇ ਪੀਐਮ ਮੋਦੀ ਦੇ ਹੱਥੋਂ ਸ਼੍ਰੀ ਰਾਮ ਜਨਮ ਭੂਮੀ ਵਾਲੀ ਥਾਂ ਉੱਤੇ ਮੰਦਰ ਨਿਰਮਾਣ ਲਈ ਭੂਮੀ ਪੂਜਨ ਦੇ ਨਾਲ ਰਸਮੀ ਤੌਰ ‘ਤੇ ਮੰਦਰ ਨਿਰਮਾਣ ਦਾ ਕੰਮ ਸ਼ੁਰੂ ਹੋ ਜਾਵੇਗਾ ਅਤੇ ਇਸ ਲਈ ਪੀਐਮ ਮੋਦੀ ਦਿੱਲੀ ਤੋਂ ਯੂਪੀ ਲਈ ਰਵਾਨਾ ਹੋ ਚੁੱਕੇ ਹਨ। ਸਮਾਗਮ ਵਿਚ ਵੱਡੀ ਹਸਤੀਆਂ ਦੇ ਸ਼ਾਮਲ ਹੋਣ ਦੇ ਚੱਲਦਿਆਂ ਅਯੁੱਧਿਆ ਵਿਚ ਆਉਣ ਵਾਲੇ ਸਾਰੇ ਰਸਤਿਆਂ ਨੂੰ ਪਹਿਲਾਂ ਹੀ ਸੀਲ ਕੀਤਾ ਜਾ ਚੁੱਕਿਆ ਹੈ। ਸੁਰੱਖਿਆ ਵਿਵਸਥਾ ਨੂੰ ਤਿੰਨ ਲੇਅਰਾਂ ਵਿਚ ਵੰਡਿਆ ਗਿਆ ਹੈ। ਪਹਿਲੀ ਲੇਅਰ ਵਿਚ ਸੁਰੱਖਿਆ ਦੀ ਜ਼ਿੰਮੇਵਾਰੀ ਐਸਪੀਜੀ ਦੇ ਹਵਾਲੇ ਹੈ ਜਦਕਿ ਦੂਜੇ ਲੇਅਰ ਵਿਚ ਅਰਧਸੈਨਿਕ ਬਲ ਤਾਇਨਾਤ ਹਨ ਅਤੇ ਤੀਜੇ ਲੇਅਰ ਵਿਚ ਸੁਰੱਖਿਆ ਦੀ ਜ਼ਿੰਮੇਵਾਰੀ ਸਥਾਨ ਪੁਲਿਸ ਦੇ ਮੋਢਿਆ ਉੱਤੇ ਹੈ। ਭੂਮੀ ਪੂਜਨ ਸਮਾਗਮ ਲਈ ਅਯੁੱਧਿਆ ਵਿਚ ਕਰੀਬ ਸਵਾ ਲੱਖ ਲੱਡੂ ਤਿਆਰ ਕੀਤੇ ਗਏ ਹਨ। ਇਨ੍ਹਾਂ ਲੱਡੂਆਂ ਨੂੰ ਪ੍ਰਸਾਦ ਦੇ ਰੂਪ ਵਿਚ ਵੰਡਿਆ ਜਾਵੇਗਾ। ਅਯੁੱਧਿਆ ਨਗਰੀ ਦੇ ਹਰ ਚੌਰਾਹੇ ਉੱਤੇ ਭਗਵੇ ਝੰਡੇ ਵਿਖਾਈ ਦੇ ਰਹੇ ਹਨ। ਪੀਐਮ ਮੋਦੀ ਦੇ ਆਗਮਨ ਅਤੇ ਕੋਰੋਨਾ ਸੰਕਰਮਨ ਨੂੰ ਧਿਆਨ ਵਿਚ ਰੱਖਦੇ ਹੋਏ ਅੱਜ ਇਕ ਵਾਰ ਫਿਰ ਤੋਂ ਅਯੁੱਧਿਆ ਵਿਚ ਸਾਰੇ ਮੰਦਰਾਂ ਨੂੰ ਸੈਨਾਟਾਈਜ਼ ਕੀਤਾ ਗਿਆ ਹੈ।
