ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਅੱਜ 26 ਜੁਲਾਈ ਨੂੰ ਕਾਰਗਿਲ ਵਿਜੈ ਦਿਵਸ ਨੂੰ 21 ਸਾਲ ਪੂਰੇ ਹੋ ਗਏ ਹਨ। 26 ਜੁਲਾਈ ਸਾਲ 1999 ਨੂੰ ਭਾਰਤੀ ਸੈਨਿਕਾਂ ਨੇ ਪਾਕਿਸਤਾਨੀ ਫੌਜਾਂ ਨੂੰ ਜੰਗ ਵਿਚ ਬੁਰੀ ਤਰ੍ਹਾ ਹਰਾ ਕੇ ਕਾਰਗਿਲ ਦੀਆਂ ਪਹਾੜੀਆਂ ਉੱਤੇ ਦੇਸ਼ ਦਾ ਤਿਰੰਗਾ ਝੰਡਾ ਲਹਿਰਾਇਆ ਸੀ। ਇਸ ਜੰਗ ਵਿਚ ਕਈ ਜਵਾਨ ਦੇਸ਼ ਦੀ ਰੱਖਿਆ ਕਰਦੇ ਸ਼ਹੀਦ ਵੀ ਗਏ ਸਨ ਜਿਨ੍ਹਾਂ ਵਿਚ 8 ਸਿੱਖ ਰੈਜੀਮੈਂਟ ਦੇ ਹੁਸ਼ਿਆਰਪੁਰ ਵਾਸੀ ਸ਼ਹੀਦ ਰਣਜੀਤ ਸਿੰਘ ਅਤੇ ਸ਼ਹੀਦ ਜੋਗਿੰਦਰ ਸਿੰਘ ਵੀ ਸ਼ਾਮਲ ਹਨ।
ਜਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਰਾਡਾ ਦੇ ਰਹਿਣ ਵਾਲੇ ਸ਼ਹੀਦ ਰਣਜੀਤ ਸਿੰਘ 8 ਸਿੱਖ ਰੈਜੀਮੈਂਟ ਦੇ ਜਵਾਨ ਸਨ। ਉਨ੍ਹਾਂ ਨੇ ਬਤੌਰ ਖਿਡਾਰੀ ਆਰਮੀ ਜੁਆਇੰਨ ਕੀਤੀ ਸੀ। ਰਣਜੀਤ ਸਿੰਘ ਦੀ ਧਰਮਪਤਨੀ ਦਲਜੀਤ ਕੌਰ ਨੇ ਦੱਸਿਆ ਕਿ ਉਹ ਛੁੱਟੀ ਕੱਟ ਕੇ ਪਠਾਨਕੋਟ ਡਿਊਟੀ ਉੱਤੇ ਗਏ ਸਨ ਜਿਸ ਤੋਂ ਬਾਅਦ ਵਿਚ ਉਨ੍ਹਾਂ ਦੀ ਯੂਨਿਟ ਨੂੰ ਕਾਰਗਿਲ ਦੀ ਜੰਗ ਵਿਚ ਭੇਜਿਆ ਗਿਆ, ਜਿੱਥੇ ਉਹ ਦੇਸ਼ ਦੀ ਰੱਖਿਆ ਕਰਦੇ ਆਪਣੀ ਜਾਨ ਵਾਰ ਗਏ। ਦਲਜੀਤ ਕੌਰ ਨੇ ਦੱਸਿਆ ਕਿ ”ਰਣਜੀਤ ਸਿੰਘ ਦੇ ਬਾਕੀ ਸਾਥੀ ਸੇਵਾ ਮੁਕਤ ਹੋ ਕੇ ਘਰ ਆ ਗਏ ਹਨ ਅਤੇ ਉਨ੍ਹਾਂ ਦੀ ਇੱਛਾ ਵੀ ਸੀ ਕਿ ਰਣਜੀਤ ਸਿੰਘ ਵੀ ਰਿਟਾਅਰ ਹੋ ਕੇ ਘਰ ਆਉਣ ਪਰ ਸ਼ਾਇਦ ਪ੍ਰਮਾਤਮਾ ਨੂੰ ਇਹ ਮੰਜੂਰ ਨਹੀਂ ਸੀ ਪਰ ਅੱਜ ਉਨ੍ਹਾਂ ਨੂੰ ਮਾਨ ਹੈ ਕਿ ਉਸਦੇ ਪਤੀ ਦੇਸ਼ ਲਈ ਸ਼ਹੀਦ ਹੋਏ ਹਨ ਪਰ ਮਲਾਲ ਇਸ ਗੱਲ ਦਾ ਹੈ ਕਿ ਸ਼ਹੀਦ ਰਣਜੀਤ ਸਿੰਘ ਦੀ ਕਮੀ ਹਮੇਸ਼ਾ ਮਹਿਸੂਸ ਹੁੰਦੀ ਰਹੇਗੀ ਜੋ ਕਿ ਕਦੇ ਪੂਰੀ ਨਹੀਂ ਹੋਵੇਗੀ”।
ਉੱਥੇ ਹੀ ਹੁਸ਼ਿਆਰਪੁਰ ਜ਼ਿਲ੍ਹਾ ਦੇ ਕਸਬਾ ਟਾਂਡਾ ਅਧਿਨ ਪੈਂਦੇ ਪਿੰਡ ਮਿਆਨੀ ਦੇ ਰਹਿਣ ਵਾਲੇ 8 ਸਿੱਖ ਰੈਜੀਮੈਂਟ ਦੇ ਜਵਾਨ ਸੂਬੇਦਾਰ ਜੋਗਿੰਦਰ ਸਿੰਘ ਵੀ ਦੁਸ਼ਮਣਾਂ ਨਾਲ ਲੜਦੇ ਦੇਸ਼ ਲਈ ਆਪਣੀ ਜਾਨ ਵਾਰ ਗਏ ਸਨ। ਸੂਬੇਦਾਰ ਜੋਗਿੰਦਰ ਸਿੰਘ ਦੀ ਪਤਨੀ ਬਲਵਿੰਦਰ ਕੌਰ ਅਨੁਸਾਰ ”ਸ਼ਹੀਦ ਸੂਬੇਦਾਰ ਜੋਗਿੰਦਰ ਸਿੰਘ ਆਪਣੇ ਬੱਚਿਆਂ ਨੂੰ ਪਹਿਲਾਂ ਹੀ ਕਿਹਾ ਕਰਦੇ ਸਨ ਕਿ ਉਹ ਮੇਰੇ ਨਾਲੋਂ ਜ਼ਿਆਦਾ ਆਪਣੀ ਮਾਂ ਨੂੰ ਪਿਆਰ ਕਰਨ, ਕਿਉਂਕਿ ਉਨ੍ਹਾਂ ਨੂੰ ਤਾਂ ਬਾਰਡਰਾਂ ‘ਤੇ ਡਿਊਟੀ ਕਰਨੀ ਹੁੰਦੀ ਹੈ ਜਿੱਥੇ ਪਤਾ ਨਹੀਂ ਲੱਗਦਾ ਕਦੋਂ ਅਤੇ ਕਿਹੜੇ ਪਾਸਿਓ ਗੋਲੀ ਚੱਲ ਜਾਵੇ”। ਬਲਵਿੰਦਰ ਕੌਰ ਨੇ ਦੱਸਿਆ ਕਿ ਸ਼ਹੀਦ ਜੋਗਿੰਦਰ ਸਿੰਘ ਨੇ ਉਨ੍ਹਾਂ ਨੂੰ ਦੱਸ ਦਿੱਤਾ ਸੀ ਕਿ ਉਹ ਕਾਰਗਿਲ ਦੀ ਜੰਗ ਵਿਚ ਜਾ ਰਹੇ ਹਨ,ਜਿਸ ਤੋਂ ਬਾਅਦ 19 ਮਈ 1999 ਨੂੰ ਇੱਕ ਰਾਤ ਉਨ੍ਹਾਂ ਦੇ ਸ਼ਹੀਦ ਹੋਣ ਦੀ ਖਬਰ ਮਿਲੀ। ਬਲਵਿੰਦਰ ਕੌਰ ਮੁਤਾਬਕ ਸੂਬੇਦਾਰ ”ਜੋਗਿੰਦਰ ਸਿੰਘ ਨੇ ਕਿਹਾ ਸੀ ਕਿ ਉਹ ਜੰਗ ਤੋਂ ਬਾਅਦ ਵਾਪਸ ਆ ਕੇ ਆਪਣੇ ਭਰਾ ਦੀ ਅੱਠ ਮਹੀਨੇ ਪਹਿਲਾਂ ਹੋਈ ਮੌਤ ਦੀ ਬਰਸੀ ਮਨਾਉਣਗੇ ਪਰ ਰੱਬ ਨੂੰ ਕੁੱਝ ਹੋਰ ਹੀ ਮੰਜੂਰ ਸੀ ਅਤੇ ਉਹ ਆਪਣੀ ਸ਼ਹਾਦਤ ਦੇ ਕੇ ਹਮੇਸ਼ਾਂ ਲਈ ਆਪਣੇ ਮ੍ਰਿਤਕ ਭਰਾ ਕੋਲ ਹੀ ਚੱਲੇ ਗਏ”।



